ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥ ਨਾਨਕ, ਜੋ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜਦੀ ਹੈ, ਉਹ ਉਸ ਦੀ ਪ੍ਰੀਤ ਵਿੱਚ ਰੰਗੀ ਜਾਂਦੀ ਹੈ ਅਤੇ ਮੌਜਾਂ ਮਾਣਦੀ ਹੈ। ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥ ਵਹੁਟੀ ਦੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਜਾਂਦੀ ਹੈ। ਜਦ ਉਹ ਆਪਣੇ ਪ੍ਰੀਤਵਾਨ ਮਿੱਤਰ ਨੂੰ ਮਿਲ ਪੈਂਦੀ ਹੈ। ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥ ਉਹ ਆਪਣੇ ਮਨ ਅੰਦਰ ਵਾਹਿਗੁਰੂ ਨੂੰ ਟਿਕਾਈ ਰੱਖਦੀ ਹੈ। ਆਪਣੇ ਕੰਮ-ਕਾਰ ਸੁਆਰ ਲੈਂਦੀ ਹੈ ਅਤੇ ਗੁਰਾਂ ਦੀ ਸਿੱਖ-ਮਤ ਦੁਆਰਾ ਆਪਣੇ ਸਾਈਂ ਨੂੰ ਜਾਣ ਲੈਂਦੀ ਹੈ। ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥ ਮੇਰੇ ਪਿਆਰੇ ਨੇ ਮੇਰੀ ਜਿੰਦੜੀ ਫਰੇਫਤਾ ਕਰ ਲਈ ਹੈ ਅਤੇ ਮੈਂ ਕਿਸਮਤ ਦੇ ਲਿਖਾਰੀ ਪ੍ਰਭੂ ਨੂੰ ਪਾ ਲਿਆ ਹੈ। ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥ ਸੱਚੇ ਗੁਰਾਂ ਦੀ ਘਾਲ ਕਮਾ, ਉਹ ਸਦੀਵੀ ਆਰਾਮ ਪਾ ਲੈਂਦੀ ਹੈ ਅਤੇ ਹੰਕਾਰ ਦਾ ਵੈਰੀ ਵਾਹਿਗੁਰੂ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥ ਨਾਨਕ, ਜਦ ਉਸ ਦੇ ਗੁਰਦੇਵ ਉਸ ਨੂੰ ਗੁਰਬਾਣੀ ਨਾਲ ਸ਼ਸ਼ੋਭਤ ਕਰ ਦਿੰਦੇ ਹਨ ਤਾਂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੂਹੀ ਮਹਲਾ ੩ ॥ ਸੂਹੀ ਤੀਜੀ ਪਾਤਿਸ਼ਾਹੀ। ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ਰਾਮ ॥ ਸੁਆਮੀ, ਮਾਲਕ ਦਾ ਨਾਮ ਹੀ ਖੁਸ਼ੀ ਦਾ ਗੀਤ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸਿਮਰਿਆ ਜਾਂਦਾ ਹੈ। ਹਰਿ ਮਨੁ ਤਨੋ ਗੁਰਮੁਖਿ ਭੀਜੈ ਰਾਮ ਨਾਮੁ ਪਿਆਰੇ ਰਾਮ ॥ ਗੁਰਾਂ ਦੀ ਦਇਆ ਦੁਆਰਾ ਆਤਮਾ ਤੇ ਦੇਹ ਪ੍ਰਭੂ ਨਾਲ ਤਰੋ-ਤਰ ਹੋ ਜਾਂਦੇ ਹਨ, ਅਤੇ ਸੁਆਮੀ ਦਾ ਨਾਮ ਪ੍ਰਾਣੀ ਨੂੰ ਮਿੱਠਾ ਲੱਗਦਾ ਹੈ। ਰਾਮ ਨਾਮੁ ਪਿਆਰੇ ਸਭਿ ਕੁਲ ਉਧਾਰੇ ਰਾਮ ਨਾਮੁ ਮੁਖਿ ਬਾਣੀ ॥ ਪ੍ਰਭੂ ਦਾ ਨਾਮ ਉਸ ਨੂੰ ਮਿੱਠਾ ਲੱਗਦਾ ਹੈ, ਉਹ ਆਪਣੀ ਸਾਰੀ ਵੰਸ਼ ਨੂੰ ਤਾਰ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਦਾ ਹੈ। ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ ॥ ਉਸ ਦੇ ਆਉਂਦੇ ਅਤੇ ਜਾਣੇ ਮੁੱਕ ਜਾਂਦੇ ਹਨ, ਉਹ ਅਨੰਦ ਨੂੰ ਪਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਬਿਰਤੀ ਬੈਕੁੰਠੀ ਕੀਰਤਨ ਦੇ ਧਾਮ ਅੰਦਰ ਲੀਨ ਰਹਿੰਦੀ ਹੈ। ਹਰਿ ਹਰਿ ਏਕੋ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ ॥ ਸੁਆਮੀ ਵਾਹਿਗੁਰੂ ਨੇ ਨਾਨਕ ਉਤੇ ਮਿਹਰ ਕੀਤੀ ਹੈ ਅਤੇ ਉੇਸ ਨੇ ਆਪਣੇ ਅਦੁੱਤੀ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ। ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ॥੧॥ ਸੁਆਮੀ ਮਾਲਕ ਦਾ ਨਾਮ ਹੀ ਖੁਸ਼ੀ ਦਾ ਗੀਤ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸਿਮਰਿਆ ਜਾਂਦਾ ਹੈ। ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥ ਮੈਂ ਨੀਚ ਹਾਂ ਅਤੇ ਸੁਆਮੀ ਪਰਮ ਉਚਾ ਹੈ। ਮੈਂ ਕਿਸ ਤਰ੍ਹਾਂ ਉਸ ਨਾਲ ਮਿਲ ਸਕਦੀ ਹਾਂ? ਗੁਰਿ ਮੇਲੀ ਬਹੁ ਕਿਰਪਾ ਧਾਰੀ ਹਰਿ ਕੈ ਸਬਦਿ ਸੁਭਾਏ ਰਾਮ ॥ ਮੈਂ ਈਸ਼ਵਰੀ ਨਾਮ ਨਾਲ ਸ਼ਸ਼ੋਭਤ ਹੋਈ ਹਾਂ ਅਤੇ ਪਰਮ ਮਿਹਰ ਕਰ ਕੇ ਗੁਰਾਂ ਨੇ ਮੈਨੂੰ ਮੇਰੇ ਸੁਆਮੀ ਨਾਲ ਮਿਲਾ ਦਿੱਤਾ ਹੈ। ਮਿਲੁ ਸਬਦਿ ਸੁਭਾਏ ਆਪੁ ਗਵਾਏ ਰੰਗ ਸਿਉ ਰਲੀਆ ਮਾਣੇ ॥ ਨਾਮ ਨੂੰ ਪਾ ਕੇ ਮੈਂ ਸ਼ਸ਼ੋਭਤ ਹੋ ਗਈ ਹਾਂ। ਆਪਣੀ ਹੰਗਤਾ ਨੂੰ ਤਿਆਗ, ਮੈਂ ਪਿਆਰ ਨਾਲ ਅਨੰਦ ਭੋਗਦੀ ਹਾਂ। ਸੇਜ ਸੁਖਾਲੀ ਜਾ ਪ੍ਰਭੁ ਭਾਇਆ ਹਰਿ ਹਰਿ ਨਾਮਿ ਸਮਾਣੇ ॥ ਜਦ ਮੈਂ ਆਪਣੇ ਸਾਈਂ ਨੂੰ ਚੰਗੀ ਲੱਗ ਜਾਂਦੀ ਹਾਂ, ਤਾਂ ਮੇਰਾ ਪਲੰਘ ਸੁੱਖਦਾਈ ਹੋ ਜਾਂਦਾ ਹੈ ਅਤੇ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੀ ਹਾਂ। ਨਾਨਕ ਸੋਹਾਗਣਿ ਸਾ ਵਡਭਾਗੀ ਜੇ ਚਲੈ ਸਤਿਗੁਰ ਭਾਏ ॥ ਨਾਨਕ, ਸੱਚੀ ਅਤੇ ਭਾਰੇ ਕਰਮਾਂ ਵਾਲੀ ਹੈ ਉਹ ਪਤਨੀ, ਜੋ ਆਪਣੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੀ ਹੈ। ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥੨॥ ਮੈਂ ਨੀਚ ਹਾਂ, ਅਤੇ ਮੇਰਾ ਸੁਆਮੀ ਪਰਮ ਬੁਲੰਦ ਹੈ, ਮੈਂ ਕਿਸ ਤਰ੍ਹਾਂ ਉਸ ਨਾਲ ਮਿਲ ਸਕਦੀ ਹਾਂ? ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥ ਹਰ ਦਿਲ ਅਤੇ ਸਾਰਿਆਂ ਜੀਵਾਂ ਅੰਦਰ ਇਕ ਹੀ ਪ੍ਰਭੂ ਹੈ, ਇਕ ਪ੍ਰਭੂ ਹੀ ਸਾਰਿਆਂ ਦਾ ਕੰਤ ਹੈ। ਇਕਨਾ ਪ੍ਰਭੁ ਦੂਰਿ ਵਸੈ ਇਕਨਾ ਮਨਿ ਆਧਾਰੋ ਰਾਮ ॥ ਕਈਆਂ ਲਈ ਸਾਹਿਬ ਦੁਰੇਡੇ ਵੱਸਦਾ ਹੈ ਅਤੇ ਕਈਆਂ ਲਈ ਉਹ ਉਨ੍ਹਾਂ ਦੀ ਜਿੰਦ-ਜਾਨ ਦਾ ਆਸਰਾ ਹੈ। ਇਕਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰੁ ਪਾਇਆ ॥ ਕਈਆਂ ਦੀ ਜਿੰਦੜੀ ਦਾ ਆਸਰਾ ਕਰਤਾਰ ਹੀ ਹੈ, ਜੋ ਗੁਰਾਂ ਦੇ ਰਾਹੀਂ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦਾ ਹੈ। ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ ਗੁਰਮੁਖਿ ਅਲਖੁ ਲਖਾਇਆ ॥ ਹਰ ਦਿਲ ਅੰਦਰ ਅਦੁੱਤੀ ਸੁਆਮੀ ਮਾਲਕ ਵਾਹਿਗੁਰੂ ਹੈ। ਗੁਰਾਂ ਦੇ ਰਾਹੀਂ ਹੀ, ਉਹ ਅਦ੍ਰਿਸ਼ਟ ਪੁਰਖ ਦੇਖਿਆ ਜਾਂਦਾ ਹੈ। ਸਹਜੇ ਅਨਦੁ ਹੋਆ ਮਨੁ ਮਾਨਿਆ ਨਾਨਕ ਬ੍ਰਹਮ ਬੀਚਾਰੋ ॥ ਜਿਹੜੀ ਆਤਮਾ ਸਾਹਿਬ ਦੇ ਸਿਰਜਣ ਨਾਲ ਸੰਤੁਸ਼ਟ ਹੋ ਗਈ ਹੈ, ਹੇ ਨਾਨਕ! ਉਹ ਸੁਖੈਨ ਹੀ ਖੁਸ਼ੀ ਨੂੰ ਪਰਾਪਤ ਹੋ ਜਾਂਦੀ ਹੈ। ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥੩॥ ਹਰ ਦਿਲ ਅਤੇ ਸਾਰਿਆਂ ਜੀਵਾਂ ਅੰਦਰ ਇਕ ਪ੍ਰਭੂ ਹੀ ਹੈ। ਇਕ ਪ੍ਰਭੂ ਹੀ ਸਾਰਿਆਂ ਦਾ ਕੰਤ ਹੈ। ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਇਆ ਰਾਮ ॥ ਜੋ ਗੁਰਾਂ ਦਾਤਾਰ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ, ਉਹ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ! ਹਰਿ ਧੂੜਿ ਦੇਵਹੁ ਮੈ ਪੂਰੇ ਗੁਰ ਕੀ ਹਮ ਪਾਪੀ ਮੁਕਤੁ ਕਰਾਇਆ ਰਾਮ ॥ ਹੇ ਵਾਹਿਗੁਰੂ! ਮੈਨੂੰ ਪੂਰਨ ਗੁਰਾਂ ਦੇ ਪੈਰਾਂ ਦੀ ਧੂੜਾਂ ਪੁਰਦਾਨ ਕਰ ਤਾਂ ਜੋ ਮੈਂ ਅਪਰਾਧੀ ਦੀ ਕਲਿਆਣ ਹੋ ਜਾਵੇ। ਪਾਪੀ ਮੁਕਤੁ ਕਰਾਏ ਆਪੁ ਗਵਾਏ ਨਿਜ ਘਰਿ ਪਾਇਆ ਵਾਸਾ ॥ ਆਪਣੀ ਹੰਗਤਾ ਨੂੰ ਗੁਆ ਕੇ ਅਪਰਾਧੀ ਮੁਕਤ ਹੋ ਜਾਂਦੇ ਹਨ ਤੇ ਆਪਣੀ ਨਿੱਜ ਦੇ ਘਰ ਅੰਦਰ ਨਿਵਾਸ ਪਾ ਲੈਂਦੇ ਹਨ। ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ ॥ ਪਰਬੀਨ ਅਕਲ ਰਾਹੀਂ ਜੀਵਨ ਨੂੰ ਰਾਤ੍ਰੀ ਆਰਾਮ ਵਿੱਚ ਬੀਤਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦਾ ਪਰਕਾਸ਼ ਹੁੰਦਾ ਹੈ। ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ ॥ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਦਿਨ ਰੈਣ ਖੁਸ਼ੀ ਉਤਪੰਨ ਹੁੰਦੀ ਹੈ, ਹੇ ਨਾਨਕ! ਅਤੇ ਪ੍ਰਾਣੀ ਨੂੰ ਵਾਹਿਗੁਰੂ ਮਿੱਠੜਾ ਮਾਲੂਮ ਹੁੰਦਾ ਹੈ। ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥ ਜੋ ਗੁਰਾਂ ਦਾਤਾਰ ਸੱਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ, ਉਹ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ। copyright GurbaniShare.com all right reserved. Email |