Page 771

ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥
ਅਡੋਲਤਾ ਅੰਦਰ ਲੀਨ ਹੋ, ਉਹ ਮੇਰੀ ਕੀਰਤੀ ਗਾਇਨ ਕਰਦੇ ਹਨ ਹੇ ਪ੍ਰਭੂ! ਤੇ ਤੇਰੇ ਨਾਮ ਦੇਰਾਹੀਂ ਤੇਰੇ ਮਿਲਾਪ ਅੰਦਰ ਮਿਲ ਜਾਂਦੇ ਹਨ।

ਨਾਨਕ ਸਫਲ ਜਨਮੁ ਤਿਨ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥
ਨਾਨਕ, ਲਾਭਦਾਇਕ ਹੋ ਆਉਣਾ ਉਨ੍ਹਾਂ ਦਾ ਜਿੰਨਾਂ ਨੂੰ ਸੱਚੇ ਗੁਰਾਂ ਦੇ ਰੱਬ ਦੇ ਰਾਹੇ ਪਾ ਦਿੱਤਾ ਹੈ।

ਸੰਤਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥
ਜੋ ਸਤਿ ਸੰਗਤ ਨਾਲ ਜੁੜਦੇ ਹਨ। ਉਹ ਮੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਦੀਵੀ ਕਾਲ ਲਈ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਰੱਬ ਦੇ ਨਾਮ ਨਾਲ ਪ੍ਰੇਮ ਹੋ ਜਾਂਦਾ ਹੈ।

ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੂਆ ਰਤਾ ਹਰਿ ਨਾਲੇ ॥
ਜਿਨ੍ਹਾਂ ਨੂੰ ਗੁਰੂ ਦੀ ਸਾਧ ਸੰਗਤ ਨਾਲ ਜੋੜਦੇ ਹਨ, ਉਹ ਆਪਣਾ ਮਨ ਵਾਹਿਗੁਰੂ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।

ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮ੍ਹ੍ਹਾਲੇ ॥
ਉਹ ਆਰਾਮ ਬਖਸ਼ਣਹਾਰ ਸਾਈਂ ਨੂੰ ਪਾ ਲੈਂਦੇ ਹਨ। ਸੰਸਾਰੀ ਲਗਨ ਨੂੰ ਤਿਆਗ ਦਿੰਦੇ ਹਨ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦੇ ਹਨ।

ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥
ਗੁਰਬਾਣੀ ਨਾਲ ਰੰਗੇ ਹੋਏ ਤੇ ਗਿਆਨ-ਸਹਿਤ ਮਤਵਾਲੇ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।

ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ ॥੩॥
ਨਾਨਕ ਸਦੀਵੀ ਖੁਸ਼ੀ ਉਨ੍ਹਾਂ ਦੇ ਘਰ ਵਿੱਚ ਹੈ, ਜੋ ਸੱਚੇ ਗੁਰਾਂ ਦਾ ਟਹਿਲ ਸੇਵਾ ਅੰਦਰ ਲੀਨ ਹਨ।

ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥
ਸੱਚੇ ਗੁਰਾਂ ਦੇ ਬਾਝੋਂ ਸੰਸਾਰ ਸੰਦੇਹ ਅੰਦਰ ਭੁੱਲਿਆ ਫਿਰਦਾ ਹੈ ਅਤੇ ਮਾਲਕ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦਾ।

ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥
ਗੁਰਾਂ ਦੇ ਰਾਹੀਂ ਕਈ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ।

ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥
ਜਦ ਸਾਈਂ ਦੇ ਚਿੱਤ ਨੂੰ ਐਸ ਤਰ੍ਹਾਂ ਚੰਗਾ ਲੱਗਦਾ ਹੈ, ਤਾਂ ਇਨ੍ਹਾਂ ਦੇ ਦੁੱਖੜੇ ਦੂਰ ਹੋ ਜਾਂਦੇ ਹਨ ਅਤੇ ਪ੍ਰੇਮ ਅੰਦਰ ਰੰਗੇ ਹੋਏ ਉਹ ਹਮੇਸ਼ਾਂ ਸਾਈਂ ਦਾ ਜੱਸ ਗਾਉਂਦੇ ਹਨ।

ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥
ਵਾਹਿਗੁਰੂ ਦੇ ਅਨੁਰਾਗੀ ਹਮੇਸ਼ਾਂ ਪਵਿੱਤਰ ਪੁਰਸ਼ ਹੁੰਦੇ ਹਨ ਅਤੇ ਸਾਰੇ ਹੀ ਯੁੱਗਾਂ ਅੰਦਰ ਸਦਾ ਪ੍ਰਸਿੱਧ ਹੁੰਦੇ ਹਨ।

ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥
ਉਹ ਦਿਲੀ ਸੇਵਾ ਕਮਾਉਂਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ। ਉਹ ਸਾਈਂ ਹੀ ਉਨ੍ਹਾਂ ਦਾ ਘਰ-ਵਾਰ ਹੈ।

ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥
ਸੱਚੀ ਹੈ ਸੁਆਮੀ ਦੀ ਖੁਸ਼ੀ, ਨਿਰੋਲ ਸੱਚਾ ਹੈ ਉਸ ਦਾ ਈਸ਼ਵਰੀ ਵਰਣਨ ਤੇ ਉਸ ਦੇ ਨਾਮ ਰਾਹੀਂ ਆਰਾਮ ਉਤਪੰਨ ਹੁੰਦਾ ਹੈ।

ਸੂਹੀ ਮਹਲਾ ੩ ॥
ਸੂਹੀ ਤੀਜੀ ਪਾਤਿਸ਼ਾਹੀ।

ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈਂ, ਹੇ ਮੁਟਿਆਰ ਕੰਨਿਆ! ਤਦ ਤੂੰ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜ।

ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
ਤੂੰ ਹਮੇਸ਼ਾਂ ਲਈ ਪੂਜਿਆ ਪ੍ਰਭੂ ਦੀ ਖੁਸ਼ਬਾਸ਼ ਪਤਨੀ ਹੋ ਜਾਵੇਗੀ, ਜੋ ਨਾਂ ਮਰਦਾ ਹੈ ਅਤੇ ਨਾਂ ਹੀ ਜਾਂਦਾ ਹੈ।

ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥
ਮਹਾਰਾਜ ਮਾਲਕ, ਮਾਲਕ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ। ਗੁਰਾਂ ਵੱਲੋਂ ਆਰਾਮ ਤੇ ਅਡੋਲਤਾ ਦੁਆਰਾ ਪਤਨੀ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ।

ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
ਸੱਚ ਅਤੇ ਸਵੈ-ਰਿਆਜ਼ਤ ਰਾਹੀਂ ਉਹ ਹਮੇਸ਼ਾਂ ਲਈ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਬਾਣੀ ਨਾਲ ਸ਼ਸ਼ੋਭਤ ਹੋ ਜਾਂਦੀ ਹੈ।

ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
ਸੱਚਾ ਸਦੀਵ ਸੱਚਾ ਹੈ। ਮੇਰਾ ਸੁਆਮੀ ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰਚਿਆ ਹੈ।

ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥
ਨਾਨਕ, ਜੋ ਆਪਣੇ ਮਨ ਨੂੰ ਗੁਰਾਂ ਦੇ ਪੈਰਾਂ ਨਾਲ ਜੋੜਦੀ ਹੈ, ਉਹ ਸਦੀਵ ਹੀ ਆਪਣੇ ਪਿਆਰੇ ਪਤੀ ਨੂੰ ਮਾਣਦੀ ਹੈ।

ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥
ਜਦ ਜਵਾਨ ਪਤਨੀ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ, ਉਹ ਰਾਤ ਦਿਨ ਸੁਖੈਨ ਹੀ ਉਸ ਦੀ ਪ੍ਰੀਤ ਨਾਲ ਮਤਵਾਲੀ ਰਹਿੰਦੀ ਹੈ।

ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਆਤਮਾ ਨੂੰ ਖੁਸ਼ੀ ਪਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਦੇਹ ਅੰਦਰ ਇਕ ਭੋਰਾ ਭਰ ਵੀ ਮਲੀਨਤਾ ਬਾਕੀ ਨਹੀਂ ਰਹਿੰਦੀ।

ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥
ਉਸ ਵਿੱਚ ਇਕ ਰਤਾ ਮਾਤ੍ਰ ਭੀ ਅਪਵਿੱਤਰਤਾ ਨਹੀਂ, ਉਹ ਸੁਆਮੀ ਵਾਹਿਗੁਰੂ ਦੇ ਨਾਲ ਰੰਗੀ ਹੋਈ ਹੈ ਅਤੇ ਮੇਰਾ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥
ਰਾਤ ਦਿਨ ਉਹ ਆਪਣੇ ਸੁਆਮੀ, ਮਾਲਕ ਨੂੰ ਮਾਣਦੀ ਹੈ ਅਤੇ ਆਪਣੀ ਹੰਗਤਾ ਆਪਣੇ ਅੰਦਰੋਂ ਗੁਆ ਦਿੰਦੀ ਹੈ।

ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥
ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਪਿਆਰੇ ਨੂੰ ਪਰਾਪਤ ਕਰ ਕੇ ਤੇ ਭੇਟ ਕੇ ਉਹ ਸੁਖੈਨ ਹੀ ਉਸ ਦੇ ਪ੍ਰੇਮ ਅੰਦਰ ਰੰਗੀ ਗਈ ਹੈ।

ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥
ਨਾਨਕ, ਪ੍ਰੀਤ ਨਾਲ ਰੰਗੀ ਹੋਈ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਪ੍ਰਭਤਾ ਪ੍ਰਾਪਤ ਕਰਦੀ ਹੈ।

ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥
ਪਿਆਰ ਨਾਲ ਰੰਗੀਜੀ ਹੋਈ ਜੋ ਆਪਣੇ ਕੰਤ ਨੂੰ ਯਾਦ ਕਰਦੀ ਹੈ, ਉਹ ਆਪਣੇ ਕੰਤ ਦੇ ਮੰਦਰ ਨੂੰ ਪਾ ਲੈਂਦੀ ਹੈ।

ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥
ਪਰਮ ਪਵਿੱਤਰ ਹੈ, ਉਹ ਦਾਤਾਰ ਭਰਤਾ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿੰਦਾ ਹੈ।

ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
ਜਦ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹ ਆਪਣੀ ਪਤਨੀ ਦੇ ਅੰਦਰੋਂ ਸੰਸਾਰੀ ਮਮਤਾ ਨੂੰ ਦੂਰ ਕਰ ਦਿੰਦਾ ਹੈ, ਅਤੇ ਉਹ ਵਾਹਿਗੁਰੂ ਦੇ ਚਿੱਤ ਨੂੰ ਮਿੱਠੀ ਲੱਗਦੀ ਹੈ।

ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥
ਰਾਤ ਦਿਨ ਉਹ ਹਮੇਸ਼ਾਂ ਸੱਚੇ ਸਾਈਂ ਦੇ ਜੱਸ ਨੂੰ ਗਾਇਨ ਕਰਦੀ ਹੈ ਅਤੇ ਅਕਹਿ ਸਾਖੀ ਨੂੰ ਕਹਿੰਦੀ ਹੈ।

ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥
ਚੌਹਾਂ ਯੁੱਗਾਂ ਅੰਦਰ ਇਕ ਸੱਚਾ ਸੁਆਮੀ ਵਿਆਪਕ ਹੈ। ਪ੍ਰੰਤੂ ਗੁਰਾਂ ਦੇ ਬਗੈਰ ਕਦੇ ਕੋਈ ਉਸ ਨੂੰ ਨਹੀਂ ਪਾਉਂਦਾ।

copyright GurbaniShare.com all right reserved. Email