ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਅਤੇ ਮਿਹਰ ਧਾਰ ਕੇ ਮੈਨੂੰ ਸਤਿਸੰਗਤ ਦੀ ਦਾਤ ਬਖਸ਼। ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ। ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥ ਜਿਸ ਨੂੰ ਵਾਹਿਗੁਰੂ ਸਮਝ ਬਖਸ਼ਦਾ ਹੈ, ਉਹ ਹੀ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਆਪਣੇ ਗ੍ਰਿਹ ਅੰਦਰ ਇਨਸਾਨ ਪ੍ਰਭੂ ਨੂੰ ਵੇਖਦਾ ਨਹੀਂ, ਗਲ ਮਹਿ ਪਾਹਣੁ ਲੈ ਲਟਕਾਵੈ ॥੧॥ ਅਤੇ ਆਪਣੀ ਗਰਦਨ ਨਾਲ ਇਕ ਪੱਥਰ ਦਾ ਦੇਵ ਲਟਕਾ ਲੈਂਦਾ ਹੈ। ਭਰਮੇ ਭੂਲਾ ਸਾਕਤੁ ਫਿਰਤਾ ॥ ਮਾਇਆ ਦਾ ਪੁਜਾਰੀ ਸ਼ੱਕ ਸ਼ੁਭੇ ਅੰਦਰ ਭੁੱਲਿਆ ਫਿਰਦਾ ਹੈ। ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ ਉਹ ਪਾਣੀ ਰਿੜਕਦਾ ਹੈ ਅਤੇ ਤਕਲੀਫ ਅੰਦਰ ਮਰਦਾ ਹੈ। ਠਹਿਰਾਉ। ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਜਿਹੜੇ ਪੱਥਰ ਨੂੰ ਉਹ ਆਪਣਾ ਦੇਵਤਾ ਆਖਦਾ ਹੈ, ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ਉਹ ਪੱਥਰ ਹੀ ਉਸ ਨੂੰ ਲੈ ਕੇ ਡੁਬ ਜਾਂਦਾ ਹੈ। ਗੁਨਹਗਾਰ ਲੂਣ ਹਰਾਮੀ ॥ ਹੇ ਲੂਣ ਖਾ ਕੇ ਹਰਾਮ ਹਕਰਨ ਵਾਲੇ ਪਾਪੀ, ਪਾਹਣ ਨਾਵ ਨ ਪਾਰਗਿਰਾਮੀ ॥੩॥ ਪੱਥਰ ਦੀ ਬੇੜੀ ਨੇ ਤੈਨੂੰ ਪਾਰ ਨਹੀਂ ਲੈ ਜਾਣਾ। ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਗੁਰਾਂ ਨੂੰ ਮਿਲ ਕੇ ਮੈਂ ਆਪਣੇ ਸਾਈਂ ਨੂੰ ਜਾਣ ਲਿਆ ਹੈ, ਹੇ ਨਾਨਕ! ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਲਾਲਨੁ ਰਾਵਿਆ ਕਵਨ ਗਤੀ ਰੀ ॥ ਕਿਸ ਤਰੀਕੇ ਨਾਲ ਤੂੰ ਆਪਣੇ ਪ੍ਰੀਤਮ ਨੂੰ ਮਾਣਿਆ ਹੈ? ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ ਹੇ ਮੇਰੀ ਸਹੇਲੀਓ! ਤੂੰ ਮੈਨੂੰ ਆਪਣੀ ਸਲਾਹ ਮਸ਼ਵਰਾ ਦੱਸ। ਸੂਹਬ ਸੂਹਬ ਸੂਹਵੀ ॥ ਲਾਲ, ਲਾਲ, ਲਾਲ ਹੋ ਜਾਂਦੀ ਹੈ ਉਹ ਪਤਨੀ, ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ ਜੋ ਆਪਣੇ ਪਿਆਰੇ ਦੇ ਪ੍ਰੇਮ ਨਾਲ ਰੰਗੀ ਹੋਈ ਹੈ। ਠਹਿਰਾਉ। ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਮੇਰਿਆ ਪਿਆਰਿਆ! ਆਪਣੀਆਂ ਅੱਖਾਂ ਦੀਆਂ ਝਿਮਣੀਆਂ ਨਾਲ ਤੇਰੇ ਪੈਰ ਮਲਦੀ ਹਾਂ। ਜਹਾ ਪਠਾਵਹੁ ਜਾਂਉ ਤਤੀ ਰੀ ॥੨॥ ਜਿਥੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦੀ ਹਾਂ। ਜਪ ਤਪ ਸੰਜਮ ਦੇਉ ਜਤੀ ਰੀ ॥ ਮੈਂ ਆਪਣੀ ਪੂਜਾ, ਤਪੱਸਿਆ, ਸਵੈ-ਜ਼ਬਤ ਅਤੇ ਜਤ ਸਤ ਉਸ ਨੂੰ ਦੇ ਦੇਵਾਂਗੀ। ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ ਇਕ ਮੁਹਤ ਲਈ ਭੀ ਮੈਨੂੰ ਮੇਰੀ ਜਿੰਦ-ਜਾਨ ਦੇ ਸੁਆਮੀ ਨਾਲ ਮਿਲਾ ਦਿਓ। ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਜੋ ਆਪਣੀ ਸਵੈ-ਇੱਜ਼ਤ, ਤਾਕਤ ਅਤੇ ਹੰਕਾਰੀ-ਮੱਤ ਨੂੰ ਮੇਟ ਸੁਟਦੀ ਹੈ, ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥ ਕੇਵਲ ਓਹੀ, ਹੇ ਨਾਨਕ! ਆਪਣੇ ਪਤਿ ਦੀ ਸਤਿਵੰਤੀ ਪਤਨੀ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ ਤੂੰ ਮੇਰੀ ਜਿੰਦ-ਜਾਨ ਹੈਂ, ਤੇ ਤੂੰ ਹੀ ਮੇਰੀ ਆਤਮਾ ਦਾ ਆਸਰਾ। ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥ ਤੈਨੂੰ ਵੇਖ, ਵੇਖ ਕੇ, ਹੇ ਸੁਆਮੀ! ਮੇਰੀ ਆਤਮਾ ਆਸਰੇ-ਰਹਿਤ ਹੋ ਜਾਂਦੀ ਹੈ। ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ ਤੂੰ ਮੇਰਾ ਮਿੱਤਰ ਹੈ ਅਤੇ ਤੂੰ ਹੀ ਮੇਰਾ ਦਿਲਬਰ। ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥ ਮੈਂ ਕਿਸੇ ਵੇਲੇ ਭੀ ਤੈਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਠਹਿਰਾਉ। ਬੈ ਖਰੀਦੁ ਹਉ ਦਾਸਰੋ ਤੇਰਾ ॥ ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ। ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥ ਹੇ ਚੰਗਿਆਈਆਂ ਦੇ ਖਜਾਨੇ, ਤੂੰ ਮੇਰਾ ਵੱਡਾ ਸੁਆਮੀ ਹੈਂ। ਕੋਟਿ ਦਾਸ ਜਾ ਕੈ ਦਰਬਾਰੇ ॥ ਜਿਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਦਾਸ ਹਨ। ਨਿਮਖ ਨਿਮਖ ਵਸੈ ਤਿਨ੍ਹ੍ਹ ਨਾਲੇ ॥੩॥ ਉਹ ਹਰ ਮੁਹਤ ਉਨ੍ਹਾਂ ਦੇ ਨਾਲ ਰਹਿੰਦਾ ਹੈ। ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ ਮੈਂ ਕੁਝ ਭੀ ਨਹੀਂ, ਸਭ ਕੁਝ ਤੇਰਾ ਹੀ ਹੈ, ਹੇ ਸੁਆਮੀ! ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥ ਤਾਣੇ ਪੇਟੇ ਦੀ ਤਰ੍ਹਾਂ ਤੂੰ ਨਾਨਕ ਦੇ ਨਾਲ ਵਸਦਾ ਹੈਂ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਸੂਖ ਮਹਲ ਜਾ ਕੇ ਊਚ ਦੁਆਰੇ ॥ ਉਸ ਦੇ ਸੁਖਦਾਈ ਮੰਦਰ ਅਤੇ ਉਚੇ ਦਰਵਾਜੇ। ਤਾ ਮਹਿ ਵਾਸਹਿ ਭਗਤ ਪਿਆਰੇ ॥੧॥ ਉਨ੍ਹਾਂ ਵਿੱਚ ਰੱਬ ਦੇ ਲਾਡਲੇ ਸੰਤ ਵਸਤੇ ਹਨ। ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਪਰਮ ਮਿੱਠੀ ਹੈ ਸੁਆਮੀ ਦੀ ਅਡੋਲਤਾ ਦੀ ਧਰਮਵਾਰਤਾ। ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥ ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਠਹਿਰਾਉ। ਤਹ ਗੀਤ ਨਾਦ ਅਖਾਰੇ ਸੰਗਾ ॥ ਉਥੇ ਸਤਿਸੰਗਤ ਦੇ ਅਸਥਾਨ ਵਿੱਚ ਇਲਾਹੀ ਕੀਰਤਨ ਗਾਇਨ ਕੀਤਾ ਜਾਂਦਾ ਹੈ। ਊਹਾ ਸੰਤ ਕਰਹਿ ਹਰਿ ਰੰਗਾ ॥੨॥ ਉਥੇ ਸਾਧੂ ਆਪਣੇ ਪ੍ਰਭੂ ਨਾਂ ਮੌਜਾਂ ਮਾਣਦੇ ਹਨ। ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ ਉਥੇ ਨਾਂ ਜੰਮਣਾ ਅਤੇ ਮਰਨਾ ਹੈ, ਨਾਂ ਹੀ ਖੁਸ਼ੀ ਅਤੇ ਗਮੀ। ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥ ਓਥੇ ਸਾਈਂ ਦੇ ਸੱਚੇ ਨਾਮ ਦਾ ਆਬਿ-ਹਿਯਾਤ ਬਰਸਦਾ ਹੈ। ਗੁਹਜ ਕਥਾ ਇਹ ਗੁਰ ਤੇ ਜਾਣੀ ॥ ਇਸ ਗੁਪਤ ਵਾਰਤਾ ਦਾ ਮੈਨੂੰ ਗੁਰਾਂ ਪਾਸੋਂ ਪਤਾ ਲੱਗਾ ਹੈ। ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥ ਨਾਨਕ, ਪ੍ਰਭੂ ਪਰਮੇਸ਼ਰ ਦੀ ਬਾਣੀ ਉਚਾਰਨ ਕਰਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਜਿਨ੍ਹਾਂ ਦੇ ਦਰਸ਼ਨ ਰਾਹੀਂ ਕ੍ਰੋੜਾਂ ਹੀ ਕਸਮਲ ਧੋਤੇ ਜਾਂਦੇ ਹਨ, ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥ ਅਤੇ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਓਇ ਸਾਜਨ ਓਇ ਮੀਤ ਪਿਆਰੇ ॥ ਕੇਵਲ ਓਹੀ ਮੇਰੇ ਮਿੱਤ੍ਰ ਹਨ ਅਤੇ ਓਹੀ ਲਾਡਲੇ ਯਾਰ, ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥ ਜਿਹੜੇ ਮੇਰੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਵਾਉਂਦੇ ਹਨ। ਠਹਿਰਾਉ। ਜਾ ਕਾ ਸਬਦੁ ਸੁਨਤ ਸੁਖ ਸਾਰੇ ॥ ਕੇਵਲ ਪ੍ਰਭੂ ਹੀ ਮੇਰਾ ਮਿੱਤਰ ਹੈ, ਜਿਸ ਦੀ ਬਾਣੀ ਸ੍ਰਵਣ ਕਰਨ ਦੁਆਰਾ ਸਮੂਹ ਆਰਾਮ ਪਰਾਪਤ ਹੋ ਜਾਂਦਾ ਹੈ। ਜਾ ਕੀ ਟਹਲ ਜਮਦੂਤ ਬਿਦਾਰੇ ॥੨॥ ਜਿਸ ਦੀ ਚਾਕਰੀ ਰਾਹੀਂ ਮੌਤ ਦੇ ਫ਼ਰਿਸ਼ਤੇ ਪਰੇ ਹਟ ਜਾਂਦੇ ਹਨ। ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ ਜਿਸ ਦਾ ਦਿਲਾਸਾ ਇਸ ਆਤਮਾ ਨੂੰ ਆਸਰਾ ਦਿੰਦਾ ਹੈ, ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥ ਅਤੇ ਜਿਸ ਦੀ ਬੰਦਗੀ ਦੁਆਰਾ ਚਿਹਰਾ ਰੌਸ਼ਨ ਹੋ ਜਾਂਦਾ ਹੈ। ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ ਸਾਈਂ ਦੇ ਗੋਲਿਆਂ ਨੂੰ ਸਾਈਂ ਖੁਦ ਹੀ ਸ਼ੁਸ਼ੋਭਤ ਕਰਦਾ ਹੈ। ਸਰਣਿ ਨਾਨਕ ਤਿਨ੍ਹ੍ਹ ਸਦ ਬਲਿਹਾਰੇ ॥੪॥੭॥੧੩॥ ਨਾਨਕ, ਉਨ੍ਹਾਂ ਦੀ ਪਨਾਹ ਲੋੜਦਾ ਹੈ ਅਤੇ ਸਦੀਵੀ ਹੀ ਉਨ੍ਹਾਂ ਉਤੇ ਕੁਰਬਾਨ ਜਾਂਦਾ ਹੈ। copyright GurbaniShare.com all right reserved. Email |