Page 466
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
ਪ੍ਰੰਤੂ, ਮਹੀਨ (ਆਕਾਰ-ਰਹਿਤ) ਵਿਅਕਤੀ ਵਾਲੇ ਅਤੇ ਪਵਿੱਤਰ ਨਾਮ ਵਾਲੇ ਸਾਹਿਬ ਨੂੰ ਉਹ ਸਰੀਰ ਦਾ ਸਰੂਪ ਦਿੰਦੇ ਹਨ।

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦਾਨੀਆਂ ਦੇ ਚਿੱਤ ਅੰਦਰ ਸੰਤੁਸ਼ਟਤਾ ਉਤਪੰਨ ਹੋ ਜਾਂਦੀ ਹੈ। ਉਹ ਦਾਨ ਦੇਣ ਬਾਰੇ ਸੋਚਦੇ ਹਨ।

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਪ੍ਰੰਤੂ ਦਿੱਤੇ ਦਾਨ ਦੇ ਬਦਲੇ ਵਿੱਚ ਹਜਾਰਾਂ ਗੁਣਾ ਮੰਗਦੇ ਹਨ ਅਤੇ ਚਾਹੁੰਦੇ ਹਨ ਕਿ ਜਗਤ ਉਹਨਾਂ ਦੀ ਸੋਭਾ ਕਰੇ।

ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
ਤਸਕਰ, ਜਨਾਹੀ, ਝੂਠੇ, ਕੁਕਰਮੀ ਅਤੇ ਪਾਪੀ।

ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥
ਉਪਰਲਿਆਂ ਵਰਗੇ, ਕਈ ਜੋ ਕੁਛ ਉਹਨਾਂ ਕੋਲ ਸੀ ਏਥੇ ਖਾ ਕੇ ਟੁਰ ਜਾਂਦੇ ਹਨ। ਕੀ ਉਹਨਾਂ ਨੇ ਭੀ ਕੋਈ ਚੰਗਾ ਕੰਮ ਕੀਤਾ ਹੈ?

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
ਪਾਣੀ ਵਿੱਚ, ਜਮੀਨ ਉਤੇ, ਜਹਾਨਾਂ ਅੰਦਰ, ਹੋਰ ਆਲਮਾਂ ਵਿੱਚ ਅਤੇ ਸਰੂਪਾਂ ਦੇ ਅੰਦਰਲੇ ਜਰਾਸੀਮਾਂ ਦੇ ਅੰਦਰ ਜੀਵ ਹਨ।

ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
ਜੋ ਕੁਛ ਉਹ ਕਹਿੰਦੇ ਹਨ, ਉਸ ਨੂੰ ਵਾਹਿਗੁਰੂ ਤੂੰ ਜਾਣਦਾ ਹੈਂ। ਉਹਨਾਂ ਦੀ ਖਬਰਦਾਰੀ ਭੀ ਤੂੰ ਹੀ ਕਰਦਾ ਹੈਂ।

ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
ਪ੍ਰੰਤੂ, ਸੰਤ ਜਨ, ਹੇ ਨਾਨਕ, ਤੇਰੀ ਸਿਫ਼ਤ ਕਰਨ ਦੇ ਭੁੱਖੇ ਹਨ, ਅਤੇ ਸੱਚਾ ਨਾਮ ਉਹਨਾਂ ਦਾ ਆਸਰਾ ਹੈ।

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥
ਸਦੀਵੀ ਸਥਿਰ ਪ੍ਰਸੰਨਤਾ ਅੰਦਰ ਉਹ ਦਿਹੁੰ ਰੈਣ ਵਿਚਰਦੇ ਹਨ। ਉਹ ਗੁਣਵਾਨ ਬੰਦਿਆਂ ਦੇ ਪੈਰਾਂ ਦੀ ਧੂੜ ਹਨ।

ਮਃ ੧ ॥
ਪਹਿਲੀ ਪਾਤਸ਼ਾਹੀ।

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥
ਮੁਸਲਮਾਨ ਦੀ ਕਬਰ ਦੀ ਮਿੱਟੀ ਘੁਮਾਰ ਦੇ ਪਿੰਨੇ ਵਿੱਚ ਪੈਦੀ ਹੈ।

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
ਇਸ ਤੋਂ ਬਰਤਨ ਬਣਾਏ ਜਾਂਦੇ ਹਨ, ਤੇ ਇੱਟਾਂ ਘੜੀਆਂ ਜਾਂਦੀਆਂ ਹਨ। ਸੜਦੀ ਹੋਈ ਇਹ ਚੀਕ-ਚਿਹਾੜਾ ਪਾਉਂਦੀ ਹੈ।

ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
ਗਰੀਬ ਮਿੱਟੀ ਮੱਚਦੀ ਅਤੇ ਰੋਂਦੀ ਹੈ ਅਤੇ ਸੜਦੇ ਹੋਏ ਕੋਲੇ ਇਸ ਤੋਂ ਡਿੱਗ ਡਿੱਗ ਪੈਦੇ ਹਨ।

ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥
ਨਾਨਕ, ਕੇਵਲ ਵਾਹਿਗੁਰੂ, ਸਿਰਜਣਹਾਰ ਹੀ, ਜਿਸ ਨੇ ਸੰਸਾਰ ਸਾਜਿਆ ਹੈ, ਜਾਣਦਾ ਹੈ ਕਿ ਸਾੜਨਾ ਚੰਗਾ ਹੈ ਜਾਂ ਦੱਬਣਾ।

ਪਉੜੀ ॥
ਪਉੜੀ।

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ, ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ।

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸੱਚੇ ਗੁਰਾਂ ਅੰਦਰ ਪ੍ਰਭੂ ਨੇ ਆਪਣੇ ਆਪ ਨੂੰ ਅਸਥਾਪਨ ਕੀਤਾ ਹੈ। ਮੈਂ ਇਹ ਜਾਹਿਰਾ ਤੌਰ ਤੇ, ਪੁਕਾਰ ਕੇ ਆਖਦਾ ਹਾਂ।

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਸੱਚੇ ਗੁਰੂ, ਜਿਨ੍ਹਾਂ ਨੇ ਆਪਣੇ ਅੰਦਰੋਂ ਸੰਸਾਰੀ ਮਮਤਾ ਦੂਰ ਕੀਤੀ ਹੈ, ਨੂੰ ਭੇਟਣ ਦੁਅਰਾ, ਹਮੇਸ਼ਾਂ ਲਈ ਕਲਿਆਨ ਹੋ ਜਾਂਦੀ ਹੈ।

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਸ੍ਰੇਸ਼ਟ ਖਿਆਲ ਇਹ ਹੈ ਕਿ ਇਨਸਾਨ ਆਪਣੇ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਲਵੇ।

ਜਗਜੀਵਨੁ ਦਾਤਾ ਪਾਇਆ ॥੬॥
ਇਸ ਤਰ੍ਹਾਂ ਉਹ ਜਗਤ ਦੀ ਜਿੰਦ-ਜਾਨ ਦਾਤਾਰ ਸੁਆਮੀ ਨੂੰ ਪਾ ਲੈਂਦਾ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਹਉ ਵਿਚਿ ਆਇਆ ਹਉ ਵਿਚਿ ਗਇਆ ॥
ਹੰਕਾਰ ਅੰਦਰ ਬੰਦਾ ਆਉਂਦਾ ਹੈ। ਹੰਕਾਰ ਅੰਦਰ ਹੀ ਉਹ ਚਲਿਆ ਜਾਂਦਾ ਹੈ।

ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹੰਕਾਰ ਅੰਦਰ ਉਹ ਜੰਮਦਾ ਹੈ ਅਤੇ ਹੰਕਾਰ ਅੰਦਰ ਹੀ ਉਹ ਮਰ ਜਾਂਦਾ ਹੈ।

ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ਹੰਕਾਰ ਅੰਦਰ ਉਹ ਦਿੰਦਾ ਹੈ, ਹੰਕਾਰ ਅੰਦਰ ਹੀ ਉਹ ਲੈਂਦਾ ਹੈ।

ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹੰਕਾਰ ਅੰਦਰ ਉਹ ਕਮਾਉਂਦਾ ਹੈ, ਹੰਕਾਰ ਅੰਦਰ ਹੀ ਉਹ ਗੁਆ ਲੈਂਦਾ ਹੈ।

ਹਉ ਵਿਚਿ ਸਚਿਆਰੁ ਕੂੜਿਆਰੁ ॥
ਹੰਕਾਰ ਅੰਦਰ ਉਹ ਸੱਚਾ ਜਾਂ ਝੂਠਾ ਹੋ ਜਾਂਦਾ ਹੈ।

ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹੰਕਾਰ ਅੰਦਰ ਉਹ ਨੇਕੀ ਜਾਂ ਬਦੀ ਨੂੰ ਸੋਚਦਾ ਹੈ।

ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ਹੰਕਾਰ ਅੰਦਰ ਉਹ ਦੋਜਕ ਜਾਂ ਬਹਿਸ਼ਤ ਵਿੱਚ ਪੈਂਦਾ ਹੈ।

ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ਹੰਕਾਰ ਅੰਦਰ ਉਹ ਹੱਸਦਾ ਹੈ, ਹੰਕਾਰ ਅੰਦਰ ਉਹ ਰੋਂਦਾ ਹੈ।

ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
ਹੰਕਾਰ ਅੰਦਰ ਉਹ ਲਿਬੜਦਾ ਹੈ, ਹੰਕਾਰ ਅੰਦਰ ਉਹ ਧੋਤਾ ਜਾਂਦਾ ਹੈ।

ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹੰਕਾਰ ਅੰਦਰ ਉਹ ਆਪਣੀ ਜਾਤ ਤੇ ਵੰਨਗੀ ਵੰਞਾ ਲੈਂਦਾ ਹੈ।

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥
ਹੰਕਾਰ ਅੰਦਰ ਉਹ ਬੇਸਮਝ ਹੁੰਦਾ ਹੈ ਤੇ ਹੰਕਾਰ ਅੰਦਰ ਹੀ ਅਕਲਮੰਦ।

ਮੋਖ ਮੁਕਤਿ ਕੀ ਸਾਰ ਨ ਜਾਣਾ ॥
ਉਹ ਮੋਖਸ਼ ਅਤੇ ਕਲਿਆਣ ਦੀ ਕਦਰ ਨੂੰ ਨਹੀਂ ਜਾਣਦਾ।

ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
ਹੰਕਾਰ ਅੰਦਰ ਹੀ ਮੋਹਨੀ ਮਾਇਆ ਹੈ ਅਤੇ ਹੰਕਾਰ ਅੰਦਰ ਹੀ ਇਸ ਦੀ ਛਾਂ (ਪ੍ਰਭਾਵ) ਹੇਠਾਂ ਆ ਜਾਂਦਾ ਹੈ।

ਹਉਮੈ ਕਰਿ ਕਰਿ ਜੰਤ ਉਪਾਇਆ ॥
ਹੰਕਾਰ ਕਰਨ ਕਰਕੇ ਜੀਵ ਰਚੇ ਜਾਂਦੇ ਹਨ।

ਹਉਮੈ ਬੂਝੈ ਤਾ ਦਰੁ ਸੂਝੈ ॥
ਜੇਕਰ ਹੰਗਤਾ ਨਵਿਰਤ ਹੋ ਜਾਵੇ, ਤਦ ਹੀ ਸਾਹਿਬ ਦਾ ਬੂਹਾ ਦਿਸਦਾ ਹੈ।

ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਰੱਬੀ ਗਿਆਤ ਦੇ ਬਾਝੋਂ ਬੰਦਾ, ਬਕਦਾ-ਬੋਲਦਾ ਅਤੇ ਝਗੜਦਾ ਹੈ।

ਨਾਨਕ ਹੁਕਮੀ ਲਿਖੀਐ ਲੇਖੁ ॥
ਨਾਨਕ ਸਾਈਂ ਦੇ ਹੁਕਮ ਦੁਆਰਾ ਕਿਸਮਤ ਲਿਖੀ ਜਾਂਦੀ ਹੈ।

ਜੇਹਾ ਵੇਖਹਿ ਤੇਹਾ ਵੇਖੁ ॥੧॥
ਜਿਸ ਤਰ੍ਹਾਂ ਬੰਦੇ ਰੱਬ ਨੂੰ ਦੇਖਦੇ ਹਨ, ਓਸੇ ਤਰ੍ਹਾਂ ਹੀ ਰੱਬ ਉਹਨਾਂ ਨੂੰ ਦੇਖਦਾ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
ਹੰਕਾਰ ਦੀ ਖਸਲਤ ਇਹ ਹੈ ਕਿ ਆਦਮੀ ਹੰਕਾਰ ਅੰਦਰ ਆਪਣਾ ਕਾਰ-ਵਿਹਾਰ ਕਰਦਾ ਹੈ।

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ਹੰਗਤਾ ਦਾ ਏਹੀ ਫੰਧਾ ਹੈ, ਕਿ ਇਨਸਾਨ ਮੁੜ ਮੁੜ ਜੂਨੀਆਂ ਅੰਦਰ ਪੈਂਦਾ ਹੈ।

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
ਗਰੂਰ ਕਿਥੋਂ ਪੈਦਾ ਹੁੰਦਾ ਹੈ ਅਤੇ ਕਿਸ ਜੁਗਤੀ ਦੁਆਰਾ ਇਹ ਦੂਰ ਹੁੰਦਾ ਹੈ?

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਸੁਆਮੀ ਦੀ ਰਜਾ ਇਹ ਹੈ ਕਿ ਸਵੈ-ਹੰਗਤਾ ਦੇ ਸਬੱਬ, ਇਨਸਾਨ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਭਟਕਦੇ ਹਨ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਹੰਕਾਰ ਇੱਕ ਡਾਢੀ ਬਿਮਾਰੀ ਹੈ, ਪਰ ਇਸ ਨੂੰ ਰਾਜੀ ਕਰਨ ਵਾਲੀ ਦਵਾਈ ਭੀ ਹੈ, ਭਾਵ-ਇਹ ਲਾ-ਇਲਾਜ ਨਹੀਂ।

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਜੇਕਰ ਸੁਆਮੀ ਆਪਣੀ ਮਿਹਰ ਧਾਰੇ, ਤਦ ਬੰਦਾ ਗੁਰਾਂ ਦੇ ਉਪਦੇਸ਼ ਅਨੁਸਾਰ ਕਰਮ ਕਮਾਉਂਦਾ ਹੈ (ਇਹ ਇਸ ਦਾ ਇਲਾਜ ਹੈ)।

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ! ਇਸ ਜੁਗਤੀ ਦੁਆਰਾ ਇਹ ਰੋਗ ਦੂਰ ਹੋ ਜਾਂਦੇ ਹਨ।

ਪਉੜੀ ॥
ਪਉੜੀ।

ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
ਸੰਤੋਖਵਾਨ, ਜੋ ਸੱਚਿਆਰਾਂ ਦੇ ਪਰਮ ਸਚਿਆਰ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਸਲ ਘਾਲ ਕਮਾਉਂਦੇ ਹਨ।

copyright GurbaniShare.com all right reserved. Email