Page 462
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥
ਘਣੇਰੀਆਂ ਪੈਦਾਇਸ਼ਾਂ ਤੇ ਮੌਤਾਂ ਵਿੱਚ ਦੀ ਮੈਂ ਗੁਜਰਿਆ ਹਾਂ, ਪ੍ਰੰਤੂ ਪੀਤਮ ਦੇ ਮਿਲਾਪ ਦੇ ਬਗੈਰ ਮੁਕਤੀ ਪ੍ਰਾਪਤ ਨਹੀਂ ਹੁੰਦੀ।

ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥
ਮੈਂ ਚੰਗੇ ਖ਼ਾਨਦਾਨ, ਸੁੰਦਰਤਾ, ਕੀਰਤੀ ਅਤੇ ਬ੍ਰਹਿਮ-ਬੋਧ ਦੇ ਬਗੈਰ ਹਾਂ। ਹੇ ਮੇਰੀ ਮਾਤਾ! ਵਾਹਿਗੁਰੂ ਬਾਝੋਂ ਮੇਰਾ ਕੌਣ ਹੈ?

ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥
ਹੱਥ ਬੰਨ੍ਹ ਕੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ। ਹੇ ਮੇਰੇ ਪਰਮ ਪਿਆਰੇ ਬਲੀ ਪ੍ਰਭੂ! ਤੂੰ ਮੈਨੂੰ ਬੰਦ-ਖਲਾਸ ਕਰ।

ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥
ਸ਼ੋਕ! ਜਿਸ ਤਰ੍ਹਾਂ ਪਾਣੀ ਤੋਂ ਬਾਹਰ ਮੱਛੀ ਪਾਣੀ ਤੋਂ ਬਾਹਰ ਮੱਛੀ ਦਾ ਚਿੱਤ ਅਤੇ ਸ੍ਰੀਰ ਉਸ ਪਾਣੀ ਦੇ ਵਿਛੋੜੇ ਕਾਰਨ ਨਾਸ ਹੋ ਜਾਂਦੇ ਹਨ, ਏਸੇ ਤਰ੍ਹਾਂ ਆਪਣੇ ਪਿਆਰੇ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਊ ਸਕਦੀ ਹਾਂ?

ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥
ਹਰਨ ਸਿੱਧੇ ਮੰਥੇ ਤੀਹਰ ਸਹਾਰਦਾ ਹੈ, ਸਿੱਧੇ ਮੱਥੇ ਤੀਰ ਸਹਾਰਦਾ ਹੈ, ਸ਼ੋਕ! ਸੁਖਦਾਈ ਆਵਾਜ਼ ਨਾਲ ਵਿੰਨਿ੍ਹਆ ਹੋਇਆ ਉਹ ਆਪਣੀ ਆਤਮਾ, ਦੇਹ ਅਤੇ ਜਿੰਦ-ਜਾਨ ਸਪੁਰਦ ਕਰ ਦਿੰਦਾ ਹੈ।

ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥
ਆਪਣੇ ਪ੍ਰੀਤਮ ਨਾਲ ਮੇਰਾ ਪਿਆਰ ਪੈ ਗਿਆ ਹੈ। ਉਸ ਨੂੰ ਮਿਲਣ ਲਈ ਮੈਂ ਜਗਤ-ਤਿਆਗੀ ਹੋ ਗਿਆ ਹਾਂ। ਲਾਣ੍ਹਤ ਹੈ ਉਸ ਸ੍ਰੀਰ ਨੂੰ ਜੋ ਉਸ ਦੇ ਬਾਝੋਂ ਇੱਕ ਮੁਹਤ ਭਰ ਭੀ ਰਹਿੰਦਾ ਹੈ।

ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥
ਮੇਰੀਆਂ ਅੱਖਾਂ ਦੇ ਪਰਦੇ ਬੰਦ ਨਹੀਂ ਹੁੰਦੇ। ਮੈਂ ਆਪਣੇ ਪਿਆਰੇ ਦੀ ਪਿਰਹੜੀ ਅੰਦਰ ਲੀਨ ਹੋ ਗਈ ਹਾਂ। ਮੇਰਾ ਚਿੱਤ ਰਾਤ ਦਿਨ ਸਾਹਿਬ ਨੂੰ ਯਾਦ ਕਰਦਾ ਹੈ।

ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥
ਧੰਨ-ਦੌਲਤ ਦੇ ਪਤੀ ਨਾਲ ਰੰਗੀਜ ਅਤੇ ਉਸ ਦੇ ਨਾਮ ਨਾਲ ਮਤਵਾਲੇ ਹੋ, ਮੈਂ ਸਮੂਹ ਡਰ, ਸੰਦੇਹ ਤੇ ਦਵੈਤ-ਭਾਵ ਨਵਿਰਤ ਕਰ ਦਿਤੇ ਹਨ।

ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥
ਹੇ ਮਿਹਰਬਾਨ! ਤੇ ਸਰਬ-ਵਿਆਪਕ ਵਾਹਿਗੁਰੂ! ਆਪਣੀ ਰਹਿਮਤ ਤੇ ਮਿਹਰ ਧਾਰ, ਤਾਂ ਜੋ ਨਾਨਕ ਤੇਰੀ ਪ੍ਰੀਤ ਨਾਲ ਮਖਮੂਰ ਥੀ ਵੰਞੇ।

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥
ਭੌਰਾ ਗੂੰਜ ਰਿਹਾ ਹੈ, ਭੌਰਾ ਗੂੰਜ ਰਿਹਾ ਹੈ। ਫੁੱਲਾਂ ਦੇ ਸੁਆਦ, ਸੁੰਗਧੀ ਅਤੇ ਸ਼ਹਿਦ ਨਾਂ ਮਸਤ ਹੋਇਆ ਹੋਇਆ, ਕੰਵਲ ਦੇ ਪਿਆਰ ਦੇ ਕਾਰਨ ਇਹ ਆਪਣੇ ਆਪ ਨੂੰ ਫਸਾ ਲੈਂਦਾ ਹੈ।

ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥
ਪਪੀਹੇ ਦੇ ਦਿਲ ਅੰਦਰ ਤ੍ਰੇਹ ਹੈ, ਪਪੀਹੇ ਦੇ ਦਿਲ ਅੰਦਰ ਤ੍ਰੇਹ ਹੈ। ਇਸ ਦਾ ਚਿੱਤ ਬੱਦਲ ਦੀਆਂ ਸੁੰਦਰ ਕਣੀਆਂ ਲਈ ਤਰਸਦਾ ਹੈ, ਜਿਨ੍ਹਾਂ ਨੂੰ ਪਾਨ ਕਰਨ ਦੁਆਰਾ ਪਪੀਹੇ ਦੀ ਜਲਨ ਉੱਤਰ ਜਾਂਦੀ ਹੈ।

ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥
ਮੈਨੂੰ ਮਿਲ ਤੂੰ ਹੇ ਜਲਨ ਨੂੰ ਦੂਰ ਕਰਨਹਾਰ, ਹਰੀ! ਅਤੇ ਪੀੜ ਨੂੰ ਨਵਿਰਤ ਕਰਨ ਵਾਲੇ। ਮੇਰੀ ਆਤਮਾ ਤੇ ਦੇਹ ਅੰਦਰ ਤੇਰੇ ਲਈ ਬਹੁਤ ਹੀ ਜ਼ਿਆਦਾ ਪਿਆਰ ਹੈ।

ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥
ਮੇਰੇ ਸੋਹਣੇ, ਸਿਆਣੇ ਅਤੇ ਸਰਬੱਗ ਸਾਹਿਬ, ਮੈਂ ਕਿਹੜੀ ਜੀਭ ਨਾਲ ਤੇਰੀਆਂ ਸਿਫਤਾਂ ਉਚਾਰਨ ਕਰਾਂ?

ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥
ਮੇਰਾ ਹੱਥ ਪਕੜ ਲੈ ਅਤੇ ਮੈਨੂੰ ਆਪਣਾ ਨਾਮ ਪਰਦਾਨ। ਜਿਸ ਉਤੇ ਤੂੰ ਮਿਹਰ ਦੀ ਨਿਗ੍ਹਾ ਕਰਦਾ ਹੈਂ, ਉਸ ਦੇ ਪਾਪ ਕੱਟੇ ਜਾਂਦੇ ਹਨ।

ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥
ਨਾਨਕ, ਪਾਪੀਆਂ, ਨੂੰ ਪਵਿੱਤਰ ਕਰਨ ਵਾਲੇ ਵਾਹਿਗੁਰੂ ਨੂੰ ਜਪਦਾ ਹੈ। ਉਸ ਦਾ ਦੀਦਾਰ ਦੇਖਣ ਨਾਲ ਇਨਸਾਨ ਨੂੰ ਕੋਈ ਕਸ਼ਟ ਨਹੀਂ ਵਾਪਰਦਾ।

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥
ਆਪਣੇ ਮਨ ਵਿੱਚ ਮੈਂ ਮਾਲਕ ਨੂੰ ਸਿਮਰਦਾ ਹਾਂ ਆਪਣੇ ਮਨ ਵਿੱਚ ਮੈਂ ਮਾਲਕ ਨੂੰ ਸਿਮਰਦਾ ਹਾਂ। ਮੈਂ ਨਿਖ਼ਸਮੇ ਨੂੰ ਤੂੰ ਆਪਣੀ ਪਨਾਹ ਹੇਠਾਂ ਰੱਖ। ਮੈਂ ਤੈਨੂੰ ਮਿਲ ਕੇ ਖੁਸ਼ ਹੁੰਦਾ ਹਾਂ। ਮੇਰੀ ਜਿੰਦੜੀ ਤੈਨੂੰ ਚਾਹੁੰਦੀ ਹੈ।

ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥
ਮੇਰੀ ਬਿਰਤੀ ਤੇਰੇ ਸੁਹਣੇ ਸਰੀਰ ਉਤੇ ਜੁੜੀ ਹੋਈ ਹੈ, ਮੇਰੀ ਬਿਰਤੀ ਤੇਰੇ ਸੁਹਣੇ ਸਰੀਰ ਤੇ ਜੁੜੀ ਹੋਈ ਹੈ, ਮੈਡੀ ਆਤਮਾ ਤੇਰੀ ਗਿਆਤ ਨੇ ਫਰੇਫਤਾ ਕਰ ਲਈ ਹੈ, ਹੇ ਸ੍ਰਿਸ਼ਟੀ ਦੇ ਪਾਲਣਹਾਰ, ਆਪਣੇ ਮੰਗਤੇ ਪੁਰਸ਼ ਦੀ ਤੂੰ ਇੱਜ਼ਤ ਬਰਕਰਾਰ ਰਖਦਾ ਹੈ।

ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥
ਸੁਆਮੀ ਨੇ ਜੋ ਪੁਰੀ ਇੱਜ਼ਤ-ਆਬਰੂ ਬਖਸ਼ਦਾ ਹੈ ਅਤੇ ਦਰਦ ਨੂੰ ਨਾਸ ਕਰਦਾ ਹੈ, ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿਤੀਆਂ ਹਨ।

ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥
ਪਰਮ ਸ਼ੁਭ ਸੀ ਉਹ ਦਿਹਾੜਾ, ਜਦ ਵਾਹਿਗੁਰੂ ਨੇ ਮੈਨੂੰ ਆਪਣੀ ਹਿੱਕ ਨਾਲ ਲਾਇਆ! ਆਪਣੇ ਕੰਤ ਨੂੰ ਭੇਟਣ ਤੇ ਮੇਰਾ ਹਿਰਦੇ-ਪਲੰਘ ਸਸ਼ੋਭਤ ਹੋ ਗਿਆ।

ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥
ਜਦ ਹੰਕਾਰ ਦੇ ਵੈਰੀ ਸੁਆਮੀ ਨੇ ਰਹਿਮ ਕੀਤਾ ਅਤੇ ਮੈਨੂੰ ਮਿਲਿਆ, ਤਦ ਮੇਰੇ ਸਾਰੇ ਪਾਪ ਨਸ਼ਟ ਹੋ ਗਏ।

ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥
ਨਾਨਕ ਬੇਨਤੀ ਕਰਦਾ ਹੈ ਮੇਰੀ ਉਮੈਦ ਬਰ ਆਈ ਹੈ ਅਤੇ ਮੈਂ ਇਕਬਾਲ ਦੇ ਮਾਲਕ ਤੇ ਉਤਕ੍ਰਿਸ਼ਟਤਾਈਆਂ (ਖੂਬੀਆਂ) ਦੇ ਖਜਾਨੇ ਪ੍ਰਭੂ ਨੂੰ ਮਿਲ ਪਿਆ ਹਾਂ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥
ਜੱਸਮਈ ਕਵਿਤਾ ਸਲੋਕਾਂ ਸਮੇਤ। ਸਲੋਕ ਭੀ ਪਹਿਲੀ ਪਾਤਸ਼ਾਹੀ ਦੇ ਲਿਖੇ ਗਏ ਹਨ। ਪਉੜੀਆਂ ਟੁੰਡੇ ਅਸਰਾਜੇ ਦੀ ਤਰਜ ਤੇ ਗਾਉਣੀਆਂ (ਹਨ)।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਸੈਕੜੇ ਵਾਰੀ ਇਕ ਦਿਨ ਵਿੱਚ ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥
ਜਿਨ੍ਹਾਂ ਚਿਰ ਲਾਉਣ ਦੇ ਬਗੈਰ (ਤੁਰਤ) ਮਨੁੱਖ ਨੂੰ ਫਰਿਸ਼ਤਾ ਬਣਾ ਦਿੱਤਾ ਹੈ।

copyright GurbaniShare.com all right reserved. Email