ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥
ਮੈਂ ਪਾਪੀ, ਅਕਲ ਰਹਿਤ, ਗੁਣ ਵਿਹੂਣ, ਨਿਖਸਮਾਂ, ਅਧਮ, ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥ ਮੂਰਖ, ਪੱਥਰ ਦਿਲ, ਨੀਵੀਂ ਵੰਸ਼ ਦਾ, ਸੰਸਾਰੀ ਮਮਤਾ ਦੇ ਗਾਰੇ ਵਿੱਚ ਫਸਿਆ ਹੋਇਆ, ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥ ਅਤੇ ਸੰਦੇਹ ਤੇ ਹੰਕਾਰ ਅਤੇ ਅਪਣੱਤ ਦੇ ਅਮਲਾਂ ਦੀ ਮਲੀਣਤਾ ਵਿੱਚ ਖੁਭਿਆ ਹੋਇਆ ਹਾਂ। ਮੌਤ ਦਾ ਖਿਆਲ ਮੇਰੇ ਮਨ ਵਿੱਚ ਹੀ ਨਹੀਂ ਆਉਂਦਾ। ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥ ਆਤਮਕ ਬੇਸਮਝੀ ਦੇ ਰਾਹੀਂ ਮੈਂ ਇਸਤਰੀ ਦੇ ਭੋਗ ਬਿਲਾਸ ਅਤੇ ਧਨ ਦੌਲਤ ਦੀ ਖੁਸ਼ੀ ਨੂੰ ਚਿਮੜਿਆ ਹੋਇਆ ਹਾਂ। ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥ ਮੇਰੀ ਜੁਆਨੀ ਖੁਰਦੀ ਜਾ ਰਹੀ ਹੈ ਅਤੇ ਬੁਢੇਪਾ ਵਧਦਾ ਜਾਂਦਾ ਹੈ। ਮੇਰੀ ਸਾਥਣ, ਮੌਤ, ਮੇਰੇ ਦਿਹਾੜਿਆਂ ਨੂੰ ਗਿਣ ਜਾਂ ਵੇਖ ਰਹੀ ਹੈ। ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥ ਨਾਨਕ ਬੇਨਤੀ ਕਰਦਾ ਹੈ, ਮੇਰੀ ਆਸ ਉਮੈਦ ਤੂੰ ਹੈਂ, ਹੇ ਸੁਆਮੀ! ਗਰੀਬੜੇ ਨਾਨਕ ਨੂੰ ਆਪਣੇ ਸੰਤਾਂ ਦੀ ਪਨਾਹ ਵਿੱਚ ਰੱਖ। ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥ ਮੈਂ ਘਣੇਰਿਆਂ ਜਨਮਾਂ ਅੰਦਰ ਭਟਕਿਆ ਹਾਂ ਅਤੇ ਜੂਨੀਆਂ ਅੰਦਰ ਭਾਰੇ ਕਸ਼ਟ ਉਠਾਏ ਹਨ। ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥ ਰੰਗ ਰਲੀਆਂ ਅਤੇ ਸੋਨੇ ਨੂੰ ਮਿੱਠਾ ਜਾਣ ਕੇ, ਮੈਂ ਉਹਨਾਂ ਨਾਲ ਫਸਿਆ ਹੋਇਆ ਹਾਂ। ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥ ਪਾਪਾਂ ਦੇ ਬੇਅੰਤ ਬੋਝ ਸਮੇਤ ਜੂਨੀਆਂ ਅੰਦਰ ਭਟਕਦਾ ਹੋਇਆ ਮੈਂ ਆਇਆ ਹਾਂ ਅਤੇ ਅਨੇਕਾਂ ਹੀ ਪਰਾਏ ਦੇਸਾਂ ਅੰਦਰ ਭਰਮਿਆ ਹਾਂ। ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥ ਮੈਂ ਹੰਕਾਰ ਦੇ ਵੈਰੀ, ਸੁਆਮੀ ਦੀ, ਪਨਾਹ ਲਈ ਹੈ ਅਤੇ ਸਾਰੇ ਆਰਾਮ ਮੈਂ ਰੱਬ ਦੇ ਨਾਮ ਵਿੱਚ ਪਾ ਲਏ ਹਨ। ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥ ਮੇਰਾ ਪ੍ਰੀਤਮ ਸੁਆਮੀ ਮੇਰਾ ਰਖਿਅਕ ਹੈ। ਮੇਰੇ ਪਾਸੋਂ ਨਾਂ ਕੁਛ ਹੋਇਆ ਹੈ ਤੇ ਨਾਂ ਹੀ ਹੋਵੇਗਾ। ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥ ਤੇਰੀ ਰਹਿਮਤ ਰਾਹੀਂ ਨਾਨਕ ਨੇ ਆਰਾਮ, ਅਡੋਲਤਾ, ਤੇ ਖੁਸ਼ੀ ਪ੍ਰਾਪਤ ਕਰ ਲਈ ਹੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥ ਨਾਮ ਮਾਤਰ ਸੰਤਾਂ ਨੂੰ ਸਾਹਿਬ ਨੇ ਬਚਾ ਲਿਆ ਹੈ। ਅਸਲੀ ਸ਼ਰਧਾਲੂਆਂ ਨੂੰ ਕੀ ਸੰਦੇਹ ਹੋਣਾ ਚਾਹੀਦਾ ਹੈ? ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ ਹਰ ਮੁਮਕਨ ਤਰੀਕੇ ਨਾਲ ਤੂੰ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸੁਣ। ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥ ਵਿਸ਼ਾਲ, ਬ੍ਰਹਿਮ ਬੇਤੇ ਗੁਰਾਂ ਦੀ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਹਿਰਦੇ ਅੰਦਰ ਨਾਮ ਦੇ ਖਜਾਨੇ ਨੂੰ ਪਾ ਲਵੇਗਾਂ। ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥ ਵਾਹਿਗੁਰੂ ਸੁਆਮੀ ਸਿਰਜਣਹਾਰ ਦੇ ਪ੍ਰੇਮ ਨਾਲ ਰੰਗਿਆ ਹੋਇਆ ਤੂੰ ਸਰਬ ਵਿਆਪਕ ਵਿਅਕਤੀ ਦਾ ਜੱਸ ਗਾਇਨ ਕਰ। ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥ ਜੇਕਰ ਧਰਤੀ ਕਾਗਜ, ਜੰਗਲ ਕਲਮ ਅਤੇ ਹਵਾ ਲਿਖਾਰੀ ਹੋ ਜਾਵੇ, (ਤਾਂ ਵੀ), ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥ ਓੜਕ-ਰਹਿਤ ਸਾਈਂ ਦਾ ਓੜਕ ਨਹੀਂ ਪਾਇਆ ਜਾ ਸਕਦਾ। ਹੇ ਨਾਨਕ ਮੈਂ ਉਸ ਦੇ ਚਰਨਾਂ ਦੀ ਪਨਾਹ ਪਕੜੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥ ਭਾਗਾਂ ਵਾਲਾ ਮਾਲਕ ਪੁਰਸ਼ਾਂ ਦਾ ਸੁਆਮੀ ਹੈ। ਉਸ ਦੀ ਪਨਾਹ ਮੈਂ ਪਕੜੀ ਹੈ। ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥ ਭੈ-ਰਹਿਤ ਹੋ ਗਈ ਹੈ ਮੇਰੀ ਜਿੰਦਗੀ ਅਤੇ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ। ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥ ਮੈਂ ਵਾਹਿਗੁਰੂ ਨੂੰ ਆਪਣੀ ਅਮੜੀ, ਬਾਬਲ, ਪੁੱਤਰ, ਮਿੱਤਰ, ਸ਼ੁਭਚਿੰਤਕ ਅਤੇ ਪਿਆਰਾ ਸਨਬੰਧੀ ਕਰਕੇ ਜਾਣਦਾ ਹਾਂ। ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥ ਗੁਰਾਂ ਨੇ ਮੈਨੂੰ ਉਸ ਨਾਲ ਮਿਲਾਇਆ ਤੇ ਘੁਟ ਕੇ ਜੱਫੀ ਪੁਆਈ ਹੈ, ਜਿਸ ਦੀ ਪਵਿੱਤਰ ਕੀਰਤੀ ਸਾਧੂ ਉਚਾਰਦੇ ਹਨ। ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥ ਬੇਓੜਕ ਖੂਬੀਆਂ ਅਤੇ ਘਣੇਰੀਆਂ ਸਿਫਤਾਂ ਵਾਲਾ ਹੈ ਸੁਆਮੀ। ਉਸ ਦਾ ਮੁੱਲ ਥੋੜਾ ਜਿੰਨਾ ਭੀ ਆਖਿਆ ਨਹੀਂ ਜਾ ਸਕਦਾ। ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥ ਸੁਆਮੀ ਮਾਲਕ ਅਦ੍ਰਿਸ਼ਟ, ਅਦੁੱਤੀ ਏਕ ਅਤੇ ਅਨੇਕ ਹੈ। ਉਸ ਦੀ ਪਨਾਹ, ਹੇ ਨਾਨਕ, ਮੈਂ ਪਕੜੀ ਹੈ। ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥ ਜਗਤ ਆਬਿ-ਹਿਯਾਤ (ਜਿੰਦਗੀ ਦੇ ਪਾਣੀ) ਦਾ ਇਕ ਚਸ਼ਮਾ ਬਣ ਜਾਂਦਾ ਹੈ, ਜਦ ਸੁਆਮੀ ਖੁਦ ਮਦਦਗਾਰ ਥੀਦਾਂ ਹੈ। ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥ ਸੁਆਮੀ ਦੇ ਨਾਮ ਦੀ ਗਲ ਦੁਆਲੇ ਫੂਲਮਾਲਾ ਨਾਲ, ਬੰਦੇ ਦੇ ਜਹਿਰ (ਦੁੱਖ) ਦੇ ਦਿਹਾੜੇ ਮੁਕ ਜਾਂਦੇ ਹਨ। ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥ ਉਸ ਦੀ ਸੰਦੇਹ ਦੀ ਅਵਸਥਾ ਅਤੇ ਸੰਸਾਰੀ ਮਮਤਾ ਦਾ ਪਾਪ ਨਾਸ ਹੋ ਜਾਂਦੇ ਹਨ ਅਤੇ ਸਮੁੱਚੇ ਤੌਰ ਤੇ ਮੁਕ ਜਾਂਦਾ ਹੈ ਉਸ ਦਾ ਗਰਭ ਵਿੱਚ ਮੁੜ ਕੇ ਪੈਣਾ। ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥ ਸੰਤ ਦਾ ਪੱਲਾ ਘੁਟ ਕੇ ਫੜਨ ਦੁਆਰਾ ਅੱਗ ਦਾ ਸਮੁੰਦਰ ਠੰਢਾ ਹੋ ਜਾਂਦਾ ਹੈ। ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥ ਹੇ ਸੰਤੋ! ਤੁਸੀਂ ਕੁਲ ਆਲਮ ਦੇ ਸੁਆਮੀ, ਜਗਤ ਦੇ ਪਾਲਣ-ਪੋਸਣਹਾਰ, ਸਰਬ-ਸ਼ਕਤੀਮਾਨ ਤੇ ਮਿਹਰਬਾਨ ਵਾਹਿਗੁਰੂ ਦੀ ਜਿੱਤ ਦੇ ਨਾਅਰ੍ਹੇ ਲਾਓ। ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥ ਸਤਿਸੰਗਤ ਅੰਦਰ ਮੁਕੰਮਲ ਮਾਲਕ ਦੇ ਨਾਮ ਦਾ ਚਿੰਤਨ ਕਰਨ ਦੁਆਰਾ, ਨਾਨਕ, ਮੈਂ ਮਰਤਬਾ ਪਾ ਲਿਆ ਹੈ। ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸਾਰਿਆਂ ਦੇ ਨਾਲ ਇੱਕ ਪ੍ਰਭੂ ਨੂੰ ਵੱਸਦਾ ਪਾਉਂਦਾ ਹਾਂ। ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥ ਹਰ ਦਿਲ ਅੰਦਰ ਵਾਹਿਗੁਰੂ ਖੁਦ ਨਿਵਾਸ ਰੱਖਦਾ ਹੈ। ਕੋਈ ਟਾਂਵਾ ਟੱਲਾ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ। ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥ ਸਾਹਿਬ ਸਮੁੰਦਰ, ਜਮੀਨ ਤੇ ਆਕਾਸ਼ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਕੀੜੀ ਤੇ ਹਾਥੀ ਵਿੱਚ ਇੱਕ ਸਮਾਨ ਰਮਿਆ ਹੋਇਆ ਹੈ। ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥ ਆਰੰਭ, ਅਖੀਰ ਅਤੇ ਵਿਚਕਾਰ ਉਹ ਸਾਹਿਬ ਹੀ ਹੈ। ਗੁਰਾਂ ਦੀ ਦਸ਼ੲਆ ਦੁਆਰਾ ਉਹ ਜਾਣਿਆ ਜਾਂਦਾ ਹੈ। ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥ ਸੁਆਮੀ ਸਿਰਜਣਹਾਰ ਸੰਸਾਰ ਖੇਡ ਵਿੱਚ ਰਮਿਆ ਹੋਇਆ ਹੈ। ਵਾਹਿਗੁਰੂ ਦੇ ਗੋਲੇ ਉਸ ਨੂੰ ਨੇਕੀਆਂ ਦਾ ਖਜਾਨਾ ਆਖਦੇ ਹਨ। ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥ ਤੂੰ ਦਿਲਾਂ ਦੀਆਂ ਜਾਨਣਹਾਰ ਸਾਹਿਬ ਦਾ ਆਰਾਧਨ ਕਰ, ਹੇ ਨਾਨਕ! ਇਕ ਵਾਹਿਗੁਰੂ ਹੀ ਸਾਰੇ ਪਰੀਪੂਰਨ ਹੋ ਰਿਹਾ ਹੈ। ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥ ਵਾਹਿਗੁਰੂ ਦੇ ਨਾਮ ਦਾ ਭਜਨ ਕਰਨ ਦੁਆਰਾ ਦਿਨ ਤੇ ਰਾਤ ਸੁਹਣੇ ਵੰਞਦੇ ਹਨ। copyright GurbaniShare.com all right reserved. Email |