Page 454
54 ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
ਆਪਣੇ ਕੁਦਰਤੀ ਸੁਭਾਅ ਦੁਆਰਾ, ਮੇਰਾ ਪ੍ਰੀਤਮ ਮੈਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ। ਮੇਰੀ ਆਤਮਾਂ ਨੂੰ ਮਜੀਠ ਦੀ ਪੱਕੀ ਰੰਗਤ ਚੜ੍ਹ ਗਈ ਹੈ।

ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥
ਸੁਆਮੀ ਦੇ ਕੰਵਲ ਪੈਰਾਂ ਨੇ ਨਾਨਕ ਦਾ ਮਨ ਵਿੰਨ੍ਹ ਸੁੱਟਿਆ ਹੈ, ਅਤੇ ਉਸ ਨੂੰ ਹੋਰ ਕੁਝ ਮਿੱਠਾ ਨਹੀਂ ਲੱਗਦਾ।

ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਓਸੇ ਤਰ੍ਹਾਂ ਹੀ ਮੈਂ ਸੁਆਮੀ ਮਾਲਕ ਪਾਤਸ਼ਾਹ ਦੇ ਅੰਮ੍ਰਿਤ ਨਾਲ ਮਤਵਾਲਾ ਹੋਇਆ ਹੋਇਆ ਹਾਂ।

ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦਿੱਤੀ ਹੈ ਅਤੇ ਮੈਂ ਆਪਣੇ ਸੁਆਮੀ ਪਾਤਸ਼ਾਹ ਨੂੰ ਪਿਆਰ ਕਰਦਾ ਹਾਂ, ਜਿਸ ਨੇ ਮੈਨੂੰ ਜੀਵਨ ਮੁਕਤੀ ਦੀ ਦਾਤ ਦਿੱਤੀ ਹੈ।

ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
ਜਿਨ੍ਹਾਂ ਨੂੰ ਦਿਲਾਂ ਦੀਆਂ ਜਾਨਣ ਵਾਲਾ ਸਾਹਿਬ ਆਪਣੇ ਪੱਲੇ ਨਾਲ ਜੋੜ ਲੈਦਾ ਹੈ, ਉਹ ਜੀਉਂਦੇ ਜੀ ਮੁਕਤੀ ਪਾ ਲੈਂਦੇ ਹਨ।

ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
ਵਾਹਿਗੁਰੂ ਅਣਮੁੱਲੀ ਦੌਲਤ ਹੈ ਅਤੇ ਸਾਰਿਆਂ ਅੰਦਰ ਪ੍ਰਤੱਖ ਤੇ ਪਰੀਪੂਰਨ ਹੈ। ਉਹਨਾਂ ਨੂੰ ਤਿਆਗ ਕੇ ਉਹ (ਸੇਵਕ) ਹੋਰ ਕਿਧਰੇ ਨਹੀਂ ਜਾਂਦਾ।

ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
ਸਾਹਿਬ ਮਾਲਕ, ਕਾਮਲ, ਸੁਹਣਾ ਅਤੇ ਸਿਆਣਾ ਹੈ। ਉਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ।

ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥
ਮੱਛੀ ਪਾਣੀ ਨਾਲ ਰੰਗੀਜੀ ਹੋਈ ਹੈ ਅਤੇ (ਏਵੇਂ ਹੀ) ਪ੍ਰਭੂ ਅੰਦਰ, ਨਾਨਕ ਸਮਾਇਆ ਹੋਇਆ ਹੈ।

ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
ਜਿਸ ਤਰ੍ਹਾਂ ਪਪੀਹਾ ਮੀਹ ਦੀ ਕਣੀ ਨੂੰ ਲੋਚਦਾ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਸੁਆਮੀ ਪਾਤਸ਼ਾਹ, ਮੇਰੀ ਜਿੰਦ-ਜਾਨ ਦਾ ਆਸਰਾ ਹੈ।

ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
ਪ੍ਰਭੂ ਪਾਤਸ਼ਾਹ ਮੈਨੂੰ ਦੌਲਤ, ਖਜਾਨੇ, ਪੁੱਤਰ, ਵੀਰ ਅਤੇ ਮਿੱਤਰ, ਸਾਰਿਆਂ ਨਾਲੋਂ ਬਹੁਤਾ ਲਾਡਲਾ ਹੈ।

ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
ਨਿਰਲੇਪ ਸੁਆਮੀ ਮੈਨੂੰ ਸਾਰਿਆਂ ਨਾਲੋਂ ਮਿਠੜਾ ਲੱਗਦਾ ਹੈ। ਉਸ ਦੀ ਅਵਸਥਾ ਨੂੰ ਕੋਈ ਭੀ ਨਹੀਂ ਸਮਝ ਸਕਦਾ।

ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
ਇਕ ਸੁਆਸ ਤੇ ਬੁਰਕੀ ਭਰ ਲਈ ਭੀ, ਮੈਂ ਕਦਾਚਿਤ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ। ਗੁਰਾਂ ਦੇ ਉਪਦੇਸ਼ ਤਾਬੇ ਮੈਂ ਉਸ ਦੀ ਪ੍ਰੀਤ ਦਾ ਅਨੰਦ ਲੈਦਾ ਹਾਂ।

ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
ਬਲਵਾਨ ਮਾਲਕ ਆਲਮ ਦੀ ਜਿੰਦ ਜਾਨ ਹੈ। ਸਾਧੂ ਉਸ ਦਾ ਅੰਮ੍ਰਿਤ ਪਾਨ ਕਰਦੇ ਹਨ ਅਤੇ ਉਸ ਦਾ ਸਿਮਰਨ ਕਰ ਕੇ ਆਪਣੇ ਸੰਦੇਹ, ਸੰਸਾਰੀ ਮਮਤਾ ਤੇ ਤਕਲੀਫ ਨੂੰ ਪਰੇ ਸੁਟ ਪਾਉਂਦੇ ਹਨ।

ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥
ਜਿਸ ਤਰ੍ਹਾਂ ਪਪੀਹਾ, ਮੀਹ ਦੀ ਕਣੀ ਨੂੰ ਤਰਸਦਾ ਹੈ ਉਸੇ ਤਰ੍ਹਾਂ ਹੀ ਨਾਨਕ ਨੂੰ ਪ੍ਰਭੂ ਮਿੱਠੜਾ ਲੱਗਦਾ ਹੈ।

ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
ਆਪਣੇ ਸੁਆਮੀ ਮਾਲਕ, ਪਾਤਸ਼ਾਹ ਨੂੰ ਮਿਲਣ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।

ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ਯੋਧੇ ਗੁਰਾਂ ਨੂੰ ਮਿਲਣ ਦੁਆਰਾ, ਵਹਿਮ ਦੀ ਕੰਧ ਮਿਸਮਾਰ ਹੋ (ਢੱਠ) ਜਾਂਦੀ ਹੈ, ਹੇ ਪ੍ਰਭੂ ਪਾਤਸ਼ਾਹ!

ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
ਵਾਹਿਗੁਰੂ ਜੋ ਸਾਰੇ ਖਜਾਨੇ ਦੇਣ ਵਾਲਾ ਅਤੇ ਮਸਕੀਨਾਂ ਉਤੇ ਮਿਹਰਬਾਨ ਹੈ, ਦੀ ਆਦੀ ਲਿਖਤਕਾਰ ਦੀ ਰਾਹੀਂ ਪੂਰੇ ਗੁਰੂ ਪ੍ਰਾਪਤ ਹੁੰਦੇ ਹਨ।

ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
ਆਰੰਭ, ਵਿਚਕਾਰ ਤੇ ਅਖੀਰ ਵਿੱਚ ਹੈ, ਉਹ ਸੁਹਣਾ ਤੇ ਵਿਸ਼ਾਲ ਸਾਹਿਬ, ਸੰਸਾਰ ਦਾ ਪਾਲਣ ਪੋਸਣਹਾਰ।

ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ਸੰਤਾਂ ਦੇ ਪੈਰਾਂ ਦੀ ਧੂੜ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਹੈ ਅਤੇ ਬੇ-ਇਨਤਹਾ ਖੁਸ਼ੀ, ਆਰਾਮ ਅਤੇ ਪ੍ਰਸੰਨਤਾ ਪ੍ਰਦਾਨ ਕਰਦੀ ਹੈ।

ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥
ਸਰਬ-ਵਿਆਪਕ ਸੁਆਮੀ ਵਾਹਿਗੁਰੂ ਨਾਨਕ ਨੂੰ ਮਿਲ ਪਿਆ ਹੈ ਤੇ ਉਸ ਦੀ ਖਾਹਿਸ਼ ਪੂਰੀ ਹੋ ਗਈ ਹੈ।

ਆਸਾ ਮਹਲਾ ੫ ਛੰਤ ਘਰੁ ੬
ਆਸਾ ਪੰਜਵੀਂ ਪਾਤਸ਼ਾਹੀ। ਛੰਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕੁ ॥
ਸਲੋਕ।

ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਹ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦੇ ਹਨ।

ਨਾਨਕ ਪ੍ਰੀਤਿ ਲਗੀ ਤਿਨ੍ਹ੍ਹ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
ਸਤਿ ਸੰਗਤ ਨਾਲ ਮਿਲ ਕੇ, ਹੇ ਨਾਨਕ! ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦੇ ਹਨ।

ਛੰਤੁ ॥
ਛੰਦ।

ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
ਮੇਰੀ ਜਿੰਦੜੀਏ! ਰੱਬ ਨਾਲ ਐਹੋ ਜਿਹਾ ਪਿਆਰ ਕਰ ਜੇਹੋ ਜਿਹਾ ਪ੍ਰੇਮ ਪਾਣੀ ਦਾ ਖੀਰ (ਦੁੱਧ) ਨਾਲ ਹੈ। ਹੁਣ ਜਦ ਦੋਨਾਂ ਨੂੰ ਅੱਗ ਤੇ ਰੱਖਿਆ ਜਾਂਦਾ ਹੈ, ਪਾਣੀ ਦੁੱਧ ਨੂੰ ਸੜਨ ਨਹੀਂ ਦਿੰਦਾ।

ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ਹੁਣ ਭਉਰਾ, ਕੰਵਲ ਦੀ ਸੁਗੰਧੀ ਅੰਦਰ ਮਸਤ ਹੋ ਕੇ ਫਸ ਜਾਂਦਾ ਹੈ ਅਤੇ ਇੱਕ ਮੁਹਤ ਲਈ ਭੀ ਇਸ ਤੋਂ ਪਰੇ ਨਹੀਂ ਹੁੰਦਾ।

ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
ਏਸੇ ਤਰ੍ਹਾਂ ਇਕ ਮੁਹਤ ਭਰ ਲਈ ਭੀ ਰੱਬ ਦੇ ਪ੍ਰੇਮ ਤੋਂ ਪਿੱਛੇ ਨਾਂ ਹਟਾ। ਆਪਣੇ ਸਮੂਹ ਹਾਰਸ਼ਿੰਗਾਰ ਤੇ ਰੰਗ-ਰਲੀਆਂ ਉਸ ਨੂੰ ਸਮਰਪਣ ਕਰ ਦੇ।

ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
ਜਿਥੇ ਰੋਣਾ ਪਿੱਟਣਾ ਸੁਣਿਆਂ ਜਾਂਦਾ ਹੈ ਅਤੇ ਮੌਤ ਦਾ ਰਸਤਾ ਦਸਿਆ ਜਾਂਦਾ ਹੈ, ਓਥੇ ਸਤਿਸੰਗਤ ਦੀ ਬਰਕਤ ਤੈਨੂੰ ਕੋਈ ਡਰ ਨਹੀਂ ਵਾਪਰੇਗਾ।

ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
ਤੂੰ ਹਰੀ ਦੀਆਂ ਸਿਫਤਾਂ ਤੇ ਖੂਬੀਆਂ ਨੂੰ ਗਾਇਨ ਕਰ ਅਤੇ ਤੇਰੇ ਸਾਰੇ ਪਾਪ ਤੇ ਦੁਖੜੇ ਦੂਰ ਹੋ ਜਾਣਗੇ।

ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਸੁਆਮੀ ਦੇ ਗੀਤ ਗਾਇਨ ਕਰ, ਹੇ ਬੰਦੇ! ਤੂੰ ਵਾਹਿਗੁਰੂ ਨਾਲ ਪ੍ਰੇਮ ਪਾ ਅਤੇ ਆਪਣੇ ਹਿਰਦੇ ਵਿੱਚ ਹਰੀ ਨਾਲ ਐਹੋ ਜਿਹਾ ਪਿਆਰ ਗੰਢ।

ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਅਤੇ ਇਹਦੇ ਬਿਨਾਂ ਇੱਕ ਮੁੱਹਤ ਭਰ ਭੀ ਧੀਰਜ ਨਹੀਂ ਧਾਰਦੀ ਏਸੇ ਤਰ੍ਹਾਂ ਹੇ ਜਿੰਦੇ! ਤੂੰ ਮਾਲਕ ਨੂੰ ਪਿਆਰ ਕਰ।

copyright GurbaniShare.com all right reserved. Email