ਅਵਰੀ ਨੋ ਸਮਝਾਵਣਿ ਜਾਇ ॥
ਫਿਰ ਭੀ, ਉਹ ਹੋਰਨਾਂ ਨੂੰ ਉਪਦੇਸ਼ ਕਰਨ ਜਾਂਦਾ ਹੈ। ਮੁਠਾ ਆਪਿ ਮੁਹਾਏ ਸਾਥੈ ॥ ਜੋ ਖੁਦ ਠਗਿਆ ਗਿਆ ਹੈ ਅਤੇ ਆਪਣੇ ਸਾਥੀਆਂ ਨੂੰ ਠੱਗਦਾ ਹੈ। ਨਾਨਕ ਐਸਾ ਆਗੂ ਜਾਪੈ ॥੧॥ ਐਹੋ ਜੇਹਾ ਮੋਹਰੀ ਮਲੂਮ ਹੁੰਦਾ ਹੈ, ਹੇ ਨਾਨਕ! ਮਹਲਾ ੪ ॥ ਚਉਥੀ ਪਾਤਸ਼ਾਹੀ। ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥ ਜੀਹਦੇ ਅੰਦਰ ਸੱਚ ਹੈ, ਉਹ ਸੱਚੇ ਨਾਮ ਨੂੰ ਪਾ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਸੱਚ ਬੋਲਦਾ ਹੈ। ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥ ਉਹ ਖੁਦ ਰੱਬ ਦੇ ਰਾਹੇ ਟੁਰਦਾ ਹੈ ਅਤੇ ਹੋਰਨਾ ਨੂੰ ਰੱਬ ਦੇ ਰਾਹੇ ਪਾਉਂਦਾ ਹੈ। ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥ ਜੇਕਰ ਮੂਹਰੇ ਪਵਿੱਤ੍ਰ ਪਾਣੀ ਦਾ ਸਰੋਵਰ ਹੋਵੇ, ਤਦ ਮੈਲ ਉਤਰ ਜਾਂਦੀ ਹੈ। ਟੋਭੇ ਵਿੱਚ ਨ੍ਹਾਉਣ ਨਾਲ ਬੰਦੇ ਨੂੰ ਸਗੋ ਵਧੇਰੇ ਮੈਲ ਲੱਗ ਜਾਂਦੀ ਹੈ। ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ ਪੂਰਨ ਯਾਤ੍ਰਾ ਅਸਥਾਨ ਹਨ ਸੱਚੇ ਗੁਰੂ ਜੀ, ਜਿਹੜੇ ਰੈਣ ਦਿਹੁੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਨ। ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥ ਉਹ ਆਪਣੇ ਪਰਵਾਰ ਸਣੇ ਖੁਦ ਪਾਰ ਉਤਰ ਜਾਂਦਾ ਹੈ ਅਤੇ ਸੁਆਮੀ ਮਾਲਕ ਦਾ ਨਾਮ ਦੇ ਕੇ ਸਾਰੇ ਸੰਸਾਰ ਨੂੰ ਪਾਰ ਕਰ ਦਿੰਦਾ ਹੈ। ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥ ਸੇਵਕ ਨਾਨਕ, ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਖੁਦ ਹਰੀ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਨਾਮ ਦਾ ਉਚਾਰਣ ਕਰਵਾਉਂਦਾ ਹੈ। ਪਉੜੀ ॥ ਪਉੜੀ। ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ ਕਈ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ ਅਤੇ ਜੰਗਲਾਂ ਦੀਆਂ ਜੂਹਾਂ ਅੰਦਰ ਰਹਿੰਦੇ ਹਨ। ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਕਈ ਗੇਰੂ ਰੰਗੇ ਬਸਤਰ ਪਹਿਨ ਕੇ ਯੋਗੀਆਂ ਤੇ ਇਕਾਂਤੀਆਂ ਦੀ ਤਰ੍ਹਾਂ ਭੌਦੇ ਫਿਰਦੇ ਹਨ। ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ ਉਨ੍ਹਾਂ ਦੇ ਅੰਦਰ ਘਲੇਰੀ ਖਾਹਿਸ਼ ਹੈ ਅਤੇ ਉਹ ਕਪੜਿਆਂ ਤੇ ਖਾਣੇ ਲਈ ਲੋਚਦੇ ਹਨ। ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥ ਉਹ ਆਪਣੇ ਜੀਵਨ ਬੇਅਰਥ ਵੰਞਾ ਲੈਂਦੇ ਹਨ। ਨਾਂ ਉਹ ਘਰਬਾਰੀ ਹਨ ਅਤੇ ਨਾਂ ਹੀ ਤਿਆਗੀ। ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ ਜੰਮਣ ਤੇ ਮਰਣ ਉਨ੍ਹਾਂ ਦੇ ਮੂੰਡ ਉਤੇ ਮੰਡਲਾਉਣ ਤੋਂ ਨਹੀਂ ਹਟਦੇ ਅਤੇ ਉਹ ਤਿੰਨਾਂ ਹਾਲਤਾ ਵਾਲੀ ਖਾਹਿਸ਼ ਦੇ ਸ਼ਿਕਾਰ ਹਨ। ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥ ਜਦ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸਾਹਿਬ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਮੌਤ ਉਸ ਦੇ ਲਾਗੇ ਨਹੀਂ ਢੁਕਦੀ। ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ ਸੱਚਾ ਨਾਮ ਉਸ ਦੇ ਸੱਚੇ ਹਿਰਦੇ ਅੰਦਰ ਰਹਿੰਦਾ ਹੈ ਅਤੇ ਉਹ ਆਪਣੇ ਗ੍ਰਹਿ ਵਿੱਚ ਹੀ ਉਪਰਾਮ ਵਿਚਰਦਾ ਹੈ। ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥ ਜੋ ਆਪਣੇ ਸੰਚੇ ਗੁਰਾਂ ਦੀ ਟਹਿਲ ਸੇਵਾ ਕਰਦੇ ਹਨ ਹੇ ਨਾਨਕ! ਉਹ ਖਾਹਿਸ਼ ਤੋਂ ਖਾਹਿਸ਼-ਰਹਿਤ ਹੋ ਜਾਂਦੇ ਹਨ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੇਕਰ ਬਸਤਰਾ ਨੂੰ ਲਹੂ ਲੱਗ ਜਾਵੇ ਤਾਂ ਪੁਸ਼ਾਕ ਮਲੀਨ ਹੋ ਜਾਂਦੀ ਹੈ। ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ ਜਿਹੜੇ ਇਨਸਾਨਾਂ ਦਾ ਲਹੂ ਚੁਸਦੇ ਹਨ, ਉਨ੍ਹਾਂ ਦਾ ਮਨ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ? ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥ ਨਾਨਕ ਤੂੰ ਅੱਲਾ ਦਾ ਨਾਮ ਮੂੰਹ ਨਾਲ ਸੱਚੇ ਦਿਲ ਕਰਕੇ ਲੈ। ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥ ਹੋਰ ਸੰਸਾਰੀ ਦਿਖਾਵੇ ਹਨ, ਆਦਮੀ ਕੂੜੇ ਕਰਮ ਕਮਾਉਂਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥ ਜਦ ਮੈਂ ਹਾਂ ਹੀ ਕੁਝ ਨਹੀਂ, ਮੈਂ ਕੀ ਕਹਿ ਸਕਦਾ ਹਾਂ? ਜਾਂ ਮੈਂ ਸ਼ੈ ਹੀ ਕੋਈ ਨਹੀਂ, ਮੈਂ ਕੀ ਹੋ ਸਕਦਾ ਹਾਂ? ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ ਜਿਸ ਤਰ੍ਹਾਂ ਰੱਬ ਨੇ ਮੈਨੂੰ ਬਣਾਇਆ ਹੈ, ਉਸ ਤਰ੍ਹਾਂ ਮੇ ਕਰਦਾ ਹਾਂ। ਜਿਸ ਤਰ੍ਹਾਂ ਉਸ ਨੇ ਮੈਨੂੰ ਆਖਿਆ ਹੈ, ਉਵੇ ਮੈਂ ਬੋਲਦਾ ਹਾਂ। ਪਾਪਾਂ ਨਾਲ ਮੈਂ ਲਬਾਲਬ ਤੇ ਬਹੁਤ ਲਿਬੜਿਆ ਹੋਇਆ ਹਾਂ। ਉਨ੍ਹਾਂ ਨੂੰ ਹੁਣ ਮੈਂ ਧੋਦਾ ਹਾਂ। ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥ ਖੁਦ ਮੈਂ ਸਮਝਦਾ ਹੀ ਨਹੀਂ, ਫਿਰ ਭੀ ਹੋਰਨਾ ਲੋਕਾਂ ਨੂੰ ਸਮਝਾਉਂਦਾ ਹਾਂ। ਐਹੋ ਜੇਹਾ ਮੋਹਰੀ ਮੈਂ ਹਾਂ। ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥ ਨਾਨਕ, ਜੋ ਅੰਨ੍ਹਾਂ ਹੋ ਕੇ ਰਸਤਾ ਦਿਖਾਉਂਦਾ ਹੈ, ਉਹ ਆਪਣੇ ਸਮੂਹ ਸਾਥੀਆਂ ਨੂੰ ਕੁਰਾਹੇ ਪਾ ਦਿੰਦਾ ਹੈ। ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥ ਪਰਲੋਕ ਵਿੱਚ ਜਾ ਕੇ ਛਿਤ੍ਰ ਉਸ ਦੇ ਐਨ ਮੂੰਹ ਤੇ ਪੈਣਗੇ ਅਤੇ ਫਿਰ ਪਤਾ ਲਗੇਗਾ ਕਿ ਉਹ ਕੇਹੋ ਜੇਹਾ ਜਥੇਦਾਰ ਸੀ। ਪਉੜੀ ॥ ਪਊੜੀ। ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥ ਸਾਰਿਆਂ ਮਹੀਨਿਆਂ, ਮੌਸਮਾਂ ਘੜੀਆਂ ਅਤੇ ਮੁਰਤਾਂ ਅੰਦਰ ਮੈਂ ਤੈਨੂੰ ਸਿਮਰਦਾ ਹਾਂ, ਹੇ ਸੁਆਮੀ! ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥ ਹਿਸਾਬ ਕਿਤਾਬ ਕਰਕੇ ਤੈਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ, ਹੇ ਸੱਚੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ! ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ ਵਿਦਵਾਨ ਜੋ ਹਿਰਸ ਤਮ੍ਹਾ ਤੇ ਹੰਕਾਰ ਨੂੰ ਆਸਰਾ ਦਿੰਦਾ ਹੈ, ਬੇਵਕੂਫ ਕਿਹਾ ਜਾਂਦਾ ਹੈ। ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥ ਤੂੰ ਨਾਮ ਨੂੰ ਵਾਚ ਤੇ ਨਾਮ ਨੂੰ ਹੀ ਅਨੁਭਵ ਕਰ, ਹੇ ਬੰਦੇ! ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚ ਸਮਝ। ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥ ਗੁਰਾਂ ਦੀ ਸਿਖ-ਮਤ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦੀ ਦੌਲਤ ਕਮਾਈ ਹੈ, ਅਤੇ ਮੇਰੇ ਕੋਲ ਸਾਹਿਬ ਦੇ ਅਨੁਰਾਗ ਦੇ ਪਰੀ-ਪੂਰਨ ਖ਼ਜ਼ਾਨੇ ਹਨ। ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥ ਪਵਿੱਤਰ ਨਾਮ ਵਿੱਚ ਯਕੀਨ ਧਾਰਨ ਕਰਨ ਦੁਆਰਾ ਪ੍ਰਾਣੀ ਸੱਚੇ ਦਰਬਾਰ ਅੰਦਰ ਸੱਚਾ ਪਰਵਾਨ ਹੋ ਜਾਂਦਾ ਹੈ। ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥ ਉਸ ਬੇਅੰਤ ਸੁਆਮੀ, ਜੋ ਜੀਵ ਦੀ ਆਤਮਾ ਤੇ ਜਿੰਦ ਜਾਨ ਦਾ ਮਾਲਕ ਹੈ, ਦੀ ਰੋਸ਼ਨੀ ਉਸ ਦੇ ਅੰਦਰ ਹੈ। ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥ ਸੱਚਾ ਸ਼ਾਹੂਕਾਰ ਕੇਵਲ ਤੂੰ ਹੀ ਹੈਂ ਹੇ ਸੁਆਮੀ! ਬਾਕੀ ਦਾ ਸੰਸਾਰ ਤੇਰਾ ਪਰਚੂਨ ਹਟਵਾਣੀਆਂ ਹੈ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਰਹਿਮ ਨੂੰ ਆਪਣੀ ਮਸਜਿਦ, ਭਰੋਸੇ ਨੂੰ ਆਪਣੀ ਨਿਮਾਜ਼ ਵਾਲੀ ਫੂੜ੍ਹੀ ਦਰੁਸਤ ਤੇ ਕਾਨੂੰਨੀ ਤੌਰ ਤੇ ਜਾਇਜ਼ ਨੂੰ ਆਪਣੀ ਕੁਰਾਨ, ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਹਯਾ ਨੂੰ ਆਪਣੀ ਸੁੰਨਤ ਅਤੇ ਭਲਮਨਸਉਪਣ ਨੂੰ ਆਪਣਾ ਵਰਤ ਬਣਾ, ਇੰਞ ਤੂੰ ਮਸਲਮਾਨ ਹੋ ਜਾਏਂਗਾ। ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਦਰੁਸਤ ਆਚਰਣ ਨੂੰ ਆਪਣਾ ਮੱਕਾ, ਸੱਚ ਨੂੰ ਆਪਣਾ ਰੂਹਾਨੀ ਰਹਿਬਰ ਅਤੇ ਨੇਕ ਅਮਲਾਂ ਨੂੰ ਆਪਣਾ ਕਲਮਾਂ ਅਤੇ ਨਮਾਜ਼ ਬਣਾ। ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ ਮਾਲਾ ਉਹ ਹੈ ਜੋ ਉਸ ਨੂੰ ਚੰਗਾ ਲਗਦਾ ਹੈ। ਇੰਞ ਸਾਹਿਬ ਤੇਰੀ ਇੱਜ਼ਤ ਆਬਰੂ ਰੱਖ ਲਵੇਗਾ, ਹੇ ਨਾਨਕ!
|