ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ। ਸਲੋਕੁ ਮਃ ੨ ॥ ਸਲੋਕ, ਦੂਜੀ ਪਾਤਸ਼ਾਹੀ। ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ, ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ, ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ। ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ ਹੇ ਨਾਨਕ! ਤਦ ਪ੍ਰਾਣੀ ਉਸ ਦੀ ਰਜਾ ਨੂੰ ਸਿੰਞਾਣ ਕੇ ਆਪਣੇ ਕੰਤ ਨੂੰ ਮਿਲ ਪੈਦਾ ਹੈ। ਮਃ ੨ ॥ ਦੂਜੀ ਪਾਤਸ਼ਾਹੀ। ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ ਸੁਆਮੀ ਵੇਖਿਆ, ਸਰਵਣ ਕੀਤਾ ਅਤੇ ਜਾਣਿਆ ਜਾਂਦਾ ਹੈ ਪ੍ਰੰਤੂ ਉਸ ਦੇ ਸੁਆਦ ਦੀ ਪਰਾਪਤੀ ਨਹੀਂ ਹੁੰਦੀ। ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥ ਇਕ ਲੰਗੜਾ, ਲੁੰਜਾ ਅਤੇ ਅੰਨ੍ਹਾ ਪੁਰਸ਼ ਕਿਸ ਤਰ੍ਰਾਂ ਦੌੜ ਕੇ ਸਾਹਿਬ ਨੂੰ ਜੱਫੀ ਪਾ ਸਕਦਾ ਹੈ? ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥ ਵਾਹਿਗੁਰੂ ਦੇ ਡਰ ਨੂੰ ਆਪਣੇ ਪੈਰ ਉਸ ਦੀ ਪ੍ਰੀਤ ਨੂੰ ਆਪਣੇ ਹੱਥ ਅਤੇ ਉਸ ਦੀ ਗਿਆਤ ਨੂੰ ਆਪਣੀਆਂ ਅੱਖਾਂ ਬਣਾ। ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥ ਨਾਨਕ ਆਖਦਾ ਹੈ, ਇਸ ਤਰ੍ਹਾਂ ਹੇ ਅਕਲਮੰਦ ਔਰਤ! ਖਸਮ ਨਾਲ ਮਿਲਾਪ ਹੋ ਜਾਂਦਾ ਹੈ। ਪਉੜੀ ॥ ਪਊੜੀ। ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ। ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥ ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ। ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥ ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ। ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥ ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ। ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥ ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ। ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥ ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ। ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥ ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ। ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥ ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ ਮੈਂ ਸੋਨੇ ਦੇ ਪਹਾੜ ਵਿੱਚ ਜਾ ਪਾਤਾਲ ਦੇ ਜਲ ਅੰਦਰ ਕੰਦਰਾਂ ਬਣਾ ਲਵਾਂ। ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ। ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥ ਮੈਂ ਬਸਤਰ ਪਹਿਨ ਕੇ ਆਪਣੀ ਦੇਹਿ ਨੂੰ ਪੂਰੀ ਤਰ੍ਹਾਂ ਢਕ ਲਵਾਂ, ਅਤੇ ਉਹਨਾਂ ਨੂੰ ਧੋਣਾ ਹਰ ਰੋਜ ਦਾ ਕੰਮ ਹੋਵੇ। ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ ਮੈਂ ਚਿੱਟੇ (ਸ਼ਾਮ) ਲਾਲ (ਰਿਗ) ਪੀਲੇ (ਯਜੁਰ) ਅਤੇ ਕਾਲੇ (ਅਥਰਵਣ) ਵੇਦਾਂ ਨੂੰ ਉਚੀ ਉਚੀ ਪੜ੍ਹਾ। ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥ ਮੈਂ ਗੰਦਾ ਅਤੇ ਮਲੀਣ ਰਹਾਂ। ਪ੍ਰੰਤੂ ਇਹ ਸਾਰਾ ਕੁਛ ਮੰਦੀ ਅਕਲ ਅਤੇ ਪਲੀਤ ਸੁਰਤ ਹੀ ਹੈ। ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥ ਨਾਨਕ, ਮੈਂ ਕੇਵਲ ਹਰੀ ਦੇ ਨਾਮ ਦਾ ਚਿੰਤਨ ਕਰਦਾ ਹਾਂ, ਜਿਸ ਦੇ ਬਗੈਰ ਕਿਸੇ ਮੁੱਲ ਦਾ ਨਾਂ ਮੈਂ ਸੀ, ਨਾਂ ਮੈਂ ਹਾਂ ਤੇ ਨਾਂ ਹੀ ਮੈਂ ਹੋਵਾਂਗਾ। ਮਃ ੧ ॥ ਪਹਿਲੀ ਪਾਤਸ਼ਾਹੀ। ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ ਬੰਦਾ ਆਪਣੇ ਕਪੜੇ ਧੋਦਾਂ ਹੈ ਤੇ ਆਪਣੀ ਦੇਹਿ ਧੋਦਾਂ ਹੈ ਅਤੇ ਖਿਆਲ ਕਰਦਾ ਹੈ ਕਿ ਉਹ ਖੁਦ-ਬ-ਖੁਦ ਹੀ ਪਵਿੱਤ੍ਰ ਹੋ ਗਿਆ ਹੈ। ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥ ਇਹ ਨਾਂ ਜਾਣਦਾ ਹੋਇਆ ਕਿ ਉਸ ਦੇ ਅੰਦਰਵਾਰ ਮਲੀਣਤਾ ਲੱਗੀ ਹੋਈ ਹੈ, ਉਹ ਆਪਣਾ ਬਾਹਰਵਾਰ ਰਗੜਦਾ ਤੇ ਸਾਫ ਕਰਦਾ ਹੈ। ਅੰਧਾ ਭੂਲਿ ਪਇਆ ਜਮ ਜਾਲੇ ॥ ਮੁਨਾਖਾ ਮਨੁੱਖ ਕੁਰਾਹੇ ਪੈ ਗਿਆ ਹੈ ਅਤੇ ਮੌਤ ਦੀ ਫਾਹੀ ਵਿੱਚ ਆ ਫਸਦਾ ਹੈ। ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ ਹੋਰਸ ਦੇ ਮਾਲ ਨੂੰ ਉਹ ਆਪਣਾ ਕਰਕੇ ਜਾਣਦਾ ਹੈ ਅਤੇ ਹੰਕਾਰ ਅੰਦਰ ਤਕਲੀਫ ਉਠਾਉਂਦਾ ਹੈ। ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥ ਨਾਨਕ, ਜਦ ਗੁਰਾਂ ਦੀ ਅਗਵਾਈ ਤਾਬੇ ਹੰਕਾਰ ਦੂਰ ਹੋ ਜਾਂਦਾ ਹੈ, ਤਦ ਆਦਮੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ। ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥ ਉਹ ਨਾਮ ਦਾ ਉਚਾਰਨ ਕਰਦਾ ਹੈ, ਨਾਮ ਨੂੰ ਸਿਮਰਦਾ ਹੈ, ਅਤੇ ਨਾਮ ਦੇ ਰਾਹੀਂ ਆਰਾਮ ਵਿੱਚ ਲੀਨ ਹੋ ਜਾਂਦਾ ਹੈ। ਪਵੜੀ ॥ ਪਊੜੀ। ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥ ਭਾਵੀ ਨੇ ਦੇਹਿ ਤੇ ਆਤਮਾ ਦਾ ਮਿਲਾਪ ਰਚ ਦਿੱਤਾ ਹੈ। ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥ ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਉਸੇ ਨੇ ਹੀ ਉਨ੍ਹਾਂ ਦੀ ਜੁਦਾਇਗੀ ਕੀਤੀ ਹੈ। ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥ ਮੂੜ੍ਹ ਰੰਗ ਰਲੀਆਂ ਮਾਣਦਾ ਹੈ ਅਤੇ ਸਮੂਹ ਕਸ਼ਟ ਸਹਾਰਦਾ ਹੈ। ਸੁਖਹੁ ਉਠੇ ਰੋਗ ਪਾਪ ਕਮਾਇਆ ॥ ਸੰਸਾਰੀ ਭੋਗ ਬਿਲਾਸ ਅਤੇ ਗੁਨਾਹ ਕਰਨ ਤੋਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥ ਪਾਪਾਂ ਭਰੀਆਂ ਮੌਜ-ਬਹਾਰਾ ਤੋਂ ਅਫਸੋਸ, ਸਾਈਂ ਨਾਲੋਂ ਜੁਦਾਇਗੀ, ਜਨਮ ਤੇ ਮੌਤ ਉਤਪੰਨ ਹੁੰਦੇ ਹਨ। ਮੂਰਖ ਗਣਤ ਗਣਾਇ ਝਗੜਾ ਪਾਇਆ ॥ ਕੁਕਰਮਾਂ ਦੇ ਹਿਸਾਬ ਕਿਤਾਬ ਅੰਦਰ ਪੈ ਕੇ ਬੇਵਕੂਫ ਗੋਰਖ-ਧੰਦੇ ਅੰਦਰ ਫਸ ਜਾਂਦਾ ਹੈ। ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥ ਫੈਸਲਾ ਸੱਚੇ ਗੁਰਾਂ ਦੇ ਹੱਥਾਂ ਵਿੱਚ ਹੈ, ਜੋ ਬਖੇੜੇ ਨੂੰ ਖਤਮ ਕਰ ਦਿੰਦੇ ਹਨ। ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥ ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ। ਇਨਸਾਨ ਦੇ ਹਟਾਉਣ ਨਾਲ ਇਹ ਹਟ ਨਹੀਂ ਸਕਦਾ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਕੂੜੁ ਬੋਲਿ ਮੁਰਦਾਰੁ ਖਾਇ ॥ ਝੂਠ ਬੋਲ ਕੇ ਆਦਮੀ ਜਿਵੇ ਮੁਰਦੇ ਨੂੰ ਖਾਂਦਾ ਹੈ।
|