ਆਇਆ ਗਇਆ ਮੁਇਆ ਨਾਉ ॥
ਉਹ ਆਇਆ ਸੀ ਤੇ ਟੁਰ ਗਿਆ ਹੈ ਅਤੇ ਉਸ ਦਾ ਨਾਮ ਭੀ ਮਰ ਮੁੱਕ ਗਿਆ ਹੈ। ਪਿਛੈ ਪਤਲਿ ਸਦਿਹੁ ਕਾਵ ॥ ਉਸ ਦੇ ਮਗਰੋਂ ਪੱਤਿਆਂ ਉਤੇ ਭੋਜਨ ਦਿੱਤਾ ਜਾਂਦਾ ਹੈ ਅਤੇ ਕਾਂ ਬੁਲਾਏ ਜਾਂਦੇ ਹਨ। ਨਾਨਕ ਮਨਮੁਖਿ ਅੰਧੁ ਪਿਆਰੁ ॥ ਨਾਨਕ, ਆਪ-ਹੁਦਰੇ ਰੂਹਾਨੀ ਅਨ੍ਹੇਰੇ ਨੂੰ ਮੁਹੱਬਤ ਕਰਦੇ ਹਨ। ਬਾਝੁ ਗੁਰੂ ਡੁਬਾ ਸੰਸਾਰੁ ॥੨॥ ਗੁਰਾਂ ਦੇ ਬਗੈਰ ਜਹਾਨ ਡੁੱਬ ਗਿਆ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ ਦਸਾਂ ਸਾਲਾਂ ਦਾ ਆਦਮੀ ਬੱਚਾ ਹੁੰਦਾ ਹੈ ਵੀਹਾਂ ਦਾ ਜੁਆਨ ਅਤੇ ਤੀਹਾਂ ਦਾ ਸੁਹਣਾ ਆਖਿਆ ਜਾਂਦਾ ਹੈ। ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥ ਚਾਲੀਆਂ ਤੇ ਉਹ ਪੂਰਨ ਹੁੰਦਾ ਹੈ। ਪੰਜਾਹ ਤੇ ਉਸ ਦਾ ਪੈਰ ਪਿਛੇ ਮੁੜ ਪੈਦਾ ਹੈ ਅਤੇ ਸੱਠਾ ਤੇ ਬਿਰਧ ਅਵਸਥਾ ਆ ਜਾਂਦੀ ਹੈ। ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਸੱਤਰਾਂ ਤੇ ਉਸ ਦੀ ਅਕਲ ਮਾਰੀ ਜਾਂਦੀ ਹੈ ਅਤੇ ਅੱਸੀ ਸਾਲਾਂ ਤੇ ਉਹ ਆਪਣੇ ਕੰਮ ਕਾਜ ਨਹੀਂ ਕਰ ਸਕਦਾ। ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥ ਨੱਬੇ ਸਾਲ ਤੇ ਉਸ ਦਾ ਆਸਣ ਮੰਜੇ ਤੇ ਹੈ ਅਤੇ ਕਮਜੋਰ ਹੋਣ ਦੇ ਕਾਰਨ ਉਹ ਮੂਲੋਂ ਹੀ ਨਹੀਂ ਸਮਝਦਾ ਕਿ ਤਾਕਤ ਕੀ ਹੈ। ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥ ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ। ਪਉੜੀ ॥ ਪਊੜੀ। ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥ ਤੂੰ, ਹੇ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ! ਖੁਦ ਹੀ ਆਲਮ ਰਚਿਆ ਹੈ। ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ ਖਰੇ ਬਹੁਤੇ ਤ੍ਰੀਕਿਆਂ ਨਾਲ ਤੂੰ ਰਚਨਾ, ਅਨੇਕਾਂ ਰੰਗਤਾ, ਵਚਿਤ੍ਰ ਭਾਹਾਂ ਅਤੇ ਕਿਸਮਾਂ ਦੀ ਸਾਜੀ ਹੈ। ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥ ਤੂੰ ਹੀ, ਜਿਸ ਨੇ ਇਸ ਨੂੰ ਬਣਾਇਆ ਹੈ ਇਸ ਨੂੰ ਸਮਝਦਾ ਹੈਂ। ਇਹ ਸਾਰੀ ਖੇਡ ਤੇਰੀ ਹੀ ਹੈ। ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥ ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ। ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥ ਗੁਰੂ ਸਮਰਪਣਾ ਦੀ ਪੋਸਤ ਦੇ ਫੁੱਲ ਵਰਗੀ ਭਾਹ ਹੈ। ਉਹ ਵਾਹਿਗੁਰੂ ਦੇ ਪਿਆਰ ਦੀ ਰੰਗਤ ਨਾਲ ਰੰਗੀਜੇ ਹੋਏ ਹਨ। ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥ ਉਸ ਸੱਚੇ ਤੇ ਪਵਿੱਤ੍ਰ ਵਾਹਿਗੁਰੂ ਦੀ ਟਹਿਲ ਕਮਾ ਜੋ ਸਰਬ-ਸ਼ਕਤੀਵਾਨ ਤੇ ਕਿਸਮਤ ਦਾ ਲਿਖਾਰੀ ਹੈ। ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥ ਤੂੰ ਖੁਦ ਹੀ ਸਿਆਣਾ ਹੈਂ ਹੇ ਸੁਆਮੀ! ਵਿਸ਼ਾਲਾਂ ਵਿਚੋਂ ਤੇਰੀ ਪਰਮ-ਵਿਸ਼ਾਲ ਸ਼ਖਸੀਅਤ ਹੈ। ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥ ਮੈਂ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹਾਂ, ਜਿਹੜੇ, ਹੇ ਮੈਡੇ ਸੱਚੇ ਸਾਹਿਬਾ! ਆਪਣੇ ਦਿਲ ਤੇ ਹਿਰਦੇ ਨਾਲ ਡੇਰਾ ਅਰਾਧਨ ਕਰਦੇ ਹਨ। ਸਲੋਕ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥ ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ। ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥ ਆਦਮੀ ਆਪਣਿਆਂ ਨੇਤ੍ਰਾ ਨਾਲ ਵੇਖਦਾ ਹੈ, ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਆਪਣੇ ਕੰਨਾਂ ਦੁਆਰਾ ਸੁਣ ਕੇ ਆਪਣੀ ਬਿਰਤੀ ਜੋੜਦਾ ਹੈ। ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ ਤੇ ਜੋ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਪਹਿਨਦਾ ਤੇ ਖਾਂਦਾ ਹੈ। ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥ ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਬਨਾਵਟ ਬਣਾਈ ਹੈ! ਮੁਨਾਖਾ ਮਨੁੱਖ ਕਾਲੇ ਕਰਮ ਕਮਾਉਂਦਾ ਹੈ। ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ ਜਦ ਘੜਾ ਟੁਟਦਾ ਹੈ, ਤਦ ਇਹ ਠੀਕਰੀਆਂ ਹੋ ਜਾਂਦਾ ਹੈ, ਅਤੇ ਇਸ ਦੀ ਡੌਲ ਮੁੜ ਡੌਲੀ ਨਹੀਂ ਜਾ ਸਕਦੀ। ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥ ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ। ਮਃ ੨ ॥ ਦੂਜੀ ਪਾਤਸ਼ਾਹੀ। ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ ਦਾਤੇ ਨਾਲੋਂ ਦਾਤ ਚੰਗੀ ਹੈ। ਪ੍ਰਤੀਕੂਲ ਪੁਰਸ਼ ਨੂੰ ਐਹੋ ਜੇਹਾ ਸਮਝ। ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥ ਉਸ ਦੀ ਅਕਲਮੰਦੀ, ਸਮਝ ਅਦੇ ਪ੍ਰਬੀਨਤਾ ਬਾਰੇ ਕੀ ਕਹਿਆ ਤੇ ਕਥਿਆ ਜਾਵੇ? ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਅਮਲ ਜੋ ਪ੍ਰਾਣੀ ਅੰਦਰ ਬੈਠ ਕੇ ਕਰਦਾ ਹੈ, ਉਹ ਚਾਰੀ ਪਾਸੀਂ ਜਾਣੇ ਜਾਂਦੇ ਹਨ। ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ ਜਿਹੜਾ ਨੇਕੀ ਕਰਦਾ ਹੈ ਉਸ ਦਾ ਨਾਮ ਨੇਕ ਪੈ ਜਾਂਦਾ ਹੈ ਅਤੇ ਜੋ ਗੁਨਾਹ ਕਰਦਾ ਹੈ ਉਹ ਗੁਨਾਹਗਾਰ ਜਾਣਿਆ ਜਾਂਦਾ ਹੈ। ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥ ਤੂੰ ਖੁਦ ਹੀ ਸਮੂਹ, ਖੇਡ ਰਚਦਾ ਹੈ, ਹੇ ਸਿਰਜਨਹਾਰ! ਕਿਸੇ ਹੋਰ ਦੀ ਕਿਉਂ ਗੱਲ ਤੇ ਕਥਾ ਕਰੀਏ? ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥ ਹੇ ਪ੍ਰਭੂ ਜਦ ਤੋੜੀ ਤੇਰਾ ਪ੍ਰਕਾਸ਼ ਦੇਹਿ ਅੰਦਰ ਹੈ, ਤਦ ਤੋੜੀ ਤੂੰ ਪ੍ਰਕਾਸ਼ਵਾਨ ਦੇਹਿ ਵਿੱਚ ਬੋਲਦਾ ਹੈ। ਜੇਕਰ ਕੋਈ ਜਣਾ ਵਿਖਾਲ ਦੇਵੇ ਕਿ ਉਸ ਨੇ ਤੇਰੇ ਪ੍ਰਕਾਸ਼ ਦੇ ਬਗੈਰ ਕੁਝ ਕਰ ਲਿਆ ਹੈ ਤਾਂ ਮੈਂ ਉਸ ਨੂੰ ਸਿਆਣਾ ਕਹਾਂਗਾ। ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥ ਨਾਨਕ, ਵਾਹਿਗੁਰੂ ਜੋ ਇਕਲਾ ਹੀ ਕਾਮਲ ਤੇ ਸਰਬੱਗ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਪਰਗਟ ਹੁੰਦਾ ਹੈ। ਪਉੜੀ ॥ ਪਉੜੀ। ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥ ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਅਤੇ ਤੂੰ ਆਪ ਹੀ ਇਸ ਨੂੰ ਕੰਮੀ ਕਾਜੀਂ ਲਾ ਦਿੱਤਾ ਹੈ। ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥ ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਖਾਣ ਨੂੰ ਦੇ ਕੇ ਤੂੰ ਆਪ ਹੀ ਸੰਸਾਰ ਨੂੰ ਕੁਰਾਹੇ ਪਾ ਛਡਿਆ ਹੈ। ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥ ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ। ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥ ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ। ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥ ਸੱਚੇ ਗੁਰਾਂ ਦੇ ਬਗੈਰ ਸੰਸਾਰ ਲਗਨ ਟੁਟਦੀ ਨਹੀਂ। ਸਾਰੇ ਜਣੇ ਕਰਮ ਕਾਂਡ ਕਰ ਕੇ ਹਾਰ ਹੁਟ ਗਏ ਹਨ। ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥ ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਪ੍ਰਾਣੀ ਗੁਰਾਂ ਦੇ ਉਪਦੇਸ਼ ਤਾਬੇ, ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਖੁਸ਼ੀ ਨਾਲ ਧ੍ਰਾਪ ਜਾਂਦਾ ਹੈ। ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥ ਉਹ ਆਪਣੀ ਵੰਸ਼ ਨੂੰ ਬਚਾਅ ਲੈਂਦਾ ਹੈ। ਮੁਬਾਰਕ ਹੈ ਉਹ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ।
|