ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥
ਪ੍ਰਲੋਕ ਅਤੇ ਇਸ ਜਹਾਨ ਅੰਦਰ ਪਤਨੀ, ਉਸ ਪਤੀ ਦੀ ਮਲਕੀਅਤ ਹੈ, ਜਿਸ ਦਾ ਭਾਰਾ ਟੱਬਰ ਕਬੀਲਾ ਹੈ। ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥ ਪ੍ਰਭੂ ਬੁਲੰਦ ਅਤੇ ਪਹੁੰਚ ਤੋਂ ਪਰੇ ਹੈ। ਉਸ ਦੀ ਗਿਆਤ ਬੇ-ਥਾਹ ਹੈ ਅਤੇ ਉਸ ਦੇ ਉਰਲੇ ਤੇ ਪਰਲੇ ਕਿਨਾਰੇ ਦਾ ਕੋਈ ਓੜਕ ਨਹੀਂ। ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥ ਟਹਿਲ ਸੇਵਾ ਉਹੀ ਉਸ ਨੂੰ ਚੰਗੀ ਲੱਗਦੀ ਹੈ ਜੋ ਸਾਧੂਆਂ ਦੀ ਚਰਨ ਧੂੜੀ ਹੋ ਕੇ ਕੀਤੀ ਜਾਂਦੀ ਹੈ। ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥ ਮਿਹਰਬਾਨ ਪ੍ਰਕਾਸ਼ਵਾਨ ਪ੍ਰਭੂ ਗਰੀਬਾਂ ਦਾ ਮਾਲਕ ਅਤੇ ਪਾਪੀਆਂ ਨੂੰ ਤਾਰਣ ਵਾਲਾ ਹੈ। ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥ ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਿਰਜਣਹਾਰ ਦਾ ਸੱਚਾ ਨਾਮ ਪ੍ਰਾਣੀਆਂ ਦੀ ਰਖਿਆ ਕਰਦਾ ਰਿਹਾ ਹੈ। ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥ ਮਾਲਕ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ ਅਤੇ ਨਾਂ ਹੀ ਕੋਈ ਇਸ ਨੂੰ ਵਜ਼ਨ ਕਰਨ ਵਾਲਾ ਹੈ। ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥ ਨਾਨਕ ਜੋ ਗਿਣਤੀ ਤੋਂ ਪਰੇ ਹੈ, ਉਹ ਆਤਮਾ ਤੇ ਦੇਹਿ ਅੰਦਰ ਨਿਵਾਸ ਕਰ ਰਿਹਾ ਹੈ। ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥ ਮੈਂ ਸਦੀਵ ਹੀ ਉਨ੍ਰਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਸਾਹਿਬ ਦੀ ਦਿਨ ਰਾਤ ਟਹਿਲ ਕਮਾਉਂਦੇ ਹਨ। ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥ ਹਮੇਸ਼ਾਂ ਲਈ ਸਾਧੂ ਉਸ ਦਾ ਸਿਮਰਨ ਕਰਦੇ ਹਨ, ਜੋ ਸਾਰਿਆਂ ਨੂੰ ਮਾਫੀ ਦੇਣ ਵਾਲਾ ਹੈ, ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥ ਅਤੇ ਜਿਸ ਨੇ ਆਤਮਾ ਤੇ ਦੇਹਿ ਰਚੇ ਹਨ ਅਤੇ ਮਿਹਰ ਧਾਰ ਕੇ ਜਿੰਦ-ਜਾਨ ਬਖਸ਼ੀ ਹੈ। ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦਾ ਸਿਮਰਨ ਕਰ ਅਤੇ ਪਵਿੱਤ੍ਰ ਨਾਮ ਨੂੰ ਉਚਾਰ। ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥ ਅਨੰਤ ਉਤਕ੍ਰਿਸ਼ਟ ਸੁਆਮੀ ਦਾ ਮੁੱਲ ਬਿਆਨ ਕੀਤਾ ਨਹੀਂ ਜਾ ਸਕਦਾ। ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥ ਜਿਸ ਦੇ ਦਿਲ ਅੰਦਰ ਵਿਆਪਕ ਵਾਹਿਗੁਰੂ ਵਸਦਾ ਹੈ ਉਹ ਪਰਮ ਚੰਗੇ ਭਾਗਾਂ ਵਾਲਾ ਆਖਿਆ ਜਾਂਦਾ ਹੈ। ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥ ਪ੍ਰਭੂ ਪਤੀ ਨੂੰ ਭੇਟਣ ਦੁਆਰਾ ਚਿੱਤ ਦੀਆਂ ਚਾਹਨਾ ਪੂਰੀਆਂ ਹੋ ਜਾਂਦੀਆਂ ਹਨ। ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ ਨਾਨਕ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਜੀਉਂਦਾ ਹੈ ਤੇ ਉਸ ਦੇ ਸਾਰੇ ਪਾਪ ਮਿਟ ਗਏ ਹਨ। ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥ ਦਿਨ ਰਾਤ੍ਰੀ ਜੋ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ ਉਹ ਜੀਵ ਸਰਸਬਜ ਹੋ ਜਾਂਦਾ ਹੈ। ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥ ਸਾਰੀਆਂ ਤਾਕਤਾ ਨਾਲ ਸਾਹਿਬ ਪਰੀ ਪੂਰਨ ਹੈ। ਮੈਂ ਬੇਇਜਤ ਦਾ ਉਹ ਆਰਾਮ ਦਾ ਟਿਕਾਣਾ ਹੈ। ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥ ਆਪਣੇ ਚਿੱਤ ਅੰਦਰ ਮੈਂ ਵਾਹਿਗੁਰੂ ਦਾ ਆਸਰਾ ਪਕੜਿਆਂ ਹੈ ਤੇ ਮੈਂ ਨਾਮ ਦਾ ਉਚਾਰਨ ਤੇ ਚਿੰਤਨ ਕਰਨ ਨਾਲ ਜੀਉਂਦਾ ਹਾਂ। ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥ ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਮੈਂ ਤੇਰੇ ਗੋਲਿਆਂ ਦੀ ਪੈਰਾਂ ਦੀ ਖਾਕ ਦੇ ਨਾਲ ਮਿਲ ਜਾਵਾ। ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥ ਜਿਸ ਤਰ੍ਰਾਂ ਤੂੰ ਮੈਨੂੰ ਰੰਖਦਾ ਹੈ ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਮੈਂ ਉਹੀ ਪਹਿਨਦਾ ਤੇ ਖਾਂਦਾ ਹਾਂ ਜੋ ਤੂੰ ਮੈਨੂੰ ਦਿੰਦਾ ਹੈਂ। ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥ ਮੈਨੂੰ ਉਹ ਉਪਰਾਲਾ ਬਖਸ਼ ਹੇ ਸਾਹਿਬ! ਜਿਸ ਦੁਆਰਾ ਮੈਂ ਸੰਤਾ ਨੂੰ ਭੇਟ ਕੇ ਤੇਰਾ ਜੱਸ ਗਾਇਨ ਕਰਾਂ। ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥ ਮੈਂ ਕਿਸੇ ਹੋਰਸ ਥਾਂ ਦਾ ਖਿਆਲ ਹੀ ਨਹੀਂ ਕਰ ਸਕਦਾ। ਮੈਂ ਫਰਿਆਦ ਕਰਨ ਲਈ ਕਿਧਰ ਜਾਵਾਂ? ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥ ਉੱਚਾ ਪਹੁੰਚ ਤੋਂ ਪਰੇਡੇ ਅਤੇ ਅਮਾਪ ਪ੍ਰਭੂ ਬੇਸਮਝੀ ਨੂੰ ਨਾਸ ਕਰਨ ਵਾਲਾ ਅਤੇ ਅਨ੍ਹੇਰੇ ਨੂੰ ਦੂਰ ਕਰਨਹਾਰ ਹੈ। ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥ ਵਿਛੁੰਨੀ ਹੋਈ ਆਤਮਾ ਨੂੰ ਆਪਣੇ ਨਾਲ ਮਿਲਾ ਲੈ, ਹੇ ਵਾਹਿਗੁਰੂ! ਕੇਵਲ ਇਹ ਹੀ ਨਾਨਕ ਦਾ ਪ੍ਰਯੋਜਨ ਹੈ। ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥ ਉਹ ਦਿਹਾੜੇ ਸਮੁਹ ਖੁਸ਼ੀ ਹੋਵੇਗੀ, ਹੇ ਵਾਹਿਗੁਰੂ, ਜਦ ਮੈਂ ਗੁਰਾਂ ਦੇ ਚਰਨ ਪਕੜਾਗਾਂ। ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ਮਾਝ ਰਾਗ ਦੀ ਜੱਸਮਈ ਕਵਿਤਾ ਅਤੇ ਪਹਿਲੀ ਪਾਤਸ਼ਾਹੀ ਦੀ ਪਰਿਭਾਸ਼ਾ। ਮਲਕ ਮੁਰੀਦ ਅਤੇ ਚੰਦ੍ਰਹੜਾ ਸੂਹੀਆਂ ਦੀ ਸੁਰਤਾਲ ਤੇ ਗਾਇਨ ਕਰਨੀ। ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਵਾਹਿੁਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ ਗੁਰੂ ਦਾਤਾਰ ਹੈ, ਗੁਰੂ ਬਰਫ ਦਾ ਗ੍ਰਹਿ (ਠੰਡ ਪਾਣ ਵਾਲਾ) ਹੈ ਅਤੇ ਗੁਰੂ ਹੀ ਤਿੰਨਾਂ ਜਹਾਨਾਂ ਦਾ ਦੀਵਾ (ਚਾਨਣ) ਹੈ। ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥ ਗੁਰਾਂ ਦੇ ਪਾਸ ਸਦੀਵੀ ਸਥਿਰ ਧਨ ਦੌਲਤ ਹੈ, ਹੇ ਨਾਨਕ! ਤੇ ਉਨ੍ਹਾਂ ਵਿੱਚ ਦਿਲੀ ਭਰੋਸਾ ਧਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਪਹਿਲੈ ਪਿਆਰਿ ਲਗਾ ਥਣ ਦੁਧਿ ॥ ਅੱਵਲ, ਇਨਸਾਨ ਬਣ ਦੇ ਦੁੱਧ ਨਾਲ ਪ੍ਰੀਤ ਪਾਉਂਦਾ ਹੈ। ਦੂਜੈ ਮਾਇ ਬਾਪ ਕੀ ਸੁਧਿ ॥ ਦੂਸਰੇ ਉਸ ਨੂੰ ਆਪਣੇ ਮਾਤਾ ਅਤੇ ਪਿਤਾ ਦੀ ਗਿਆਤ ਹੋ ਜਾਂਦੀ ਹੈ। ਤੀਜੈ ਭਯਾ ਭਾਭੀ ਬੇਬ ॥ ਤੀਸਰੇ ਉਹ ਆਪਣੇ ਭਾਈ, ਭਰਜਾਈ ਅਤੇ ਆਪਣੀ ਭੈਣ ਨੂੰ ਸਿੰਞਾਣ ਲੈਂਦਾ ਹੈ। ਚਉਥੈ ਪਿਆਰਿ ਉਪੰਨੀ ਖੇਡ ॥ ਚੋਥੀ ਹਾਲਤ ਅੰਦਰ ਉਸ ਵਿੱਚ ਖੇਲਣ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ। ਪੰਜਵੈ ਖਾਣ ਪੀਅਣ ਕੀ ਧਾਤੁ ॥ ਪੰਜਵੇ ਉਹ ਖਾਣ ਅਤੇ ਪੀਣ ਵੱਲ ਦੌੜਦਾ ਹੈ। ਛਿਵੈ ਕਾਮੁ ਨ ਪੁਛੈ ਜਾਤਿ ॥ ਛੇਵੀ ਦਸ਼ਾ ਅੰਦਰ ਉਹ ਭੋਗ ਬਿਲਾਸ ਦੀ ਚੇਸ਼ਟਾ ਵਿੱਚ ਇਸਤ੍ਰੀ ਦੀ ਜਾਤੀ ਦਾ ਪਤਾ ਹੀ ਨਹੀਂ ਕਰਦਾ, ਸਤਵੈ ਸੰਜਿ ਕੀਆ ਘਰ ਵਾਸੁ ॥ ਸਤਵੇ ਉਹ ਧਨ ਦੌਲਤ ਇਕੱਤਰ ਕਰਦਾ ਹੈ ਅਤੇ ਆਪਣੇ ਗ੍ਰਹਿ ਅੰਦਰ ਵਸੇਬਾ ਕਰ ਲੈਂਦਾ ਹੈ। ਅਠਵੈ ਕ੍ਰੋਧੁ ਹੋਆ ਤਨ ਨਾਸੁ ॥ ਅਠਵੀਂ ਹਾਲਤ ਵਿੱਚ ਉਸ ਦੀ ਦੇਹਿ ਗੁੱਸੇ ਅੰਦਰ ਬਰਬਾਦ ਹੋ ਜਾਂਦੀ ਹੈ। ਨਾਵੈ ਧਉਲੇ ਉਭੇ ਸਾਹ ॥ ਨੌਵੀ ਦਸ਼ਾ ਅੰਦਰ ਉਸ ਦੇ ਵਾਲਾ ਚਿੱਟੇ ਹੋ ਜਾਂਦੇ ਹਨ ਅਤੇ ਉਸ ਨੂੰ ਸੁਆਸ ਲੈਣਾ ਔਖਾ ਹੋ ਜਾਂਦਾ ਹੈ। ਦਸਵੈ ਦਧਾ ਹੋਆ ਸੁਆਹ ॥ ਦਸਵੀ ਅਵਸਥਾ ਅੰਦਰ ਉਹ ਸੜ ਬਲ ਜਾਂਦਾ ਹੈ ਅਤੇ ਭਸਮ ਹੋ ਜਾਂਦਾ ਹੈ। ਗਏ ਸਿਗੀਤ ਪੁਕਾਰੀ ਧਾਹ ॥ ਉਸ ਦੇ ਸੰਗੀ ਸਾਥੀ ਚਿਖਾ ਤਾਈਂ ਉਸ ਦੇ ਨਾਲ ਜਾਂਦੇ ਹਨ ਅਤੇ ਭੁੱਬਾਂ ਮਾਰਦੇ ਹਨ। ਉਡਿਆ ਹੰਸੁ ਦਸਾਏ ਰਾਹ ॥ ਰਾਜ-ਹੰਸ (ਆਤਮਾ) ਉਡ ਜਾਂਦੀ ਹੈ ਅਤੇ ਜਾਣ ਦਾ ਰਸਤਾ ਪੁਛਦੀ ਹੈ।
|