ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
ਭੌਗ ਵੇਗ ਅਤੇ ਗੁੱਸਾ ਤੈਨੂੰ ਗੁਮਰਾਹ ਨਹੀਂ ਕਰਨਗੇ ਅਤੇ ਲਾਲਚ ਦਾ ਕੁੱਤਾ ਨਾਸ ਹੋ ਜਾਏਗਾ। ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ ਜੋ ਸੱਚੇ ਰਸਤੇ ਟੁਰਦੇ ਹਨ। ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ-ਧਾਰੀਆਂ ਤੇ ਤਰਸ ਖਾਣਾ ਵਧੇਰੇ ਸਵੀਕਾਰ ਯੋਗ ਹੈ। ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਸ ਨੂੰ ਮਿਹਰ ਧਾਰ ਕੇ ਵਾਹਿਗੁਰੂ ਇਹ ਨੇਕੀ ਬਖਸ਼ਦਾ ਹੈ ਉਹ ਸਿਆਣਾ ਪੁਰਸ਼ ਹੈ। ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਨਾਨਕ ਉਨ੍ਹਾਂ ਉਤੋਂ ਘੋਲੀ ਜਾਂਦਾ ਹੈ ਜੋ ਆਪਣੇ ਸੁਆਮੀ ਨੂੰ ਮਿਲ ਪਏ ਹਨ। ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ ਮਾਘ ਵਿੱਚ ਉਹ ਪਵਿੱਤ੍ਰ ਕਹੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਨ ਗੁਰਦੇਵ ਜੀ ਮਇਆਵਾਨ ਹਨ। ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ। ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥ ਮੇਰਾ ਪਲੰਘ ਸ਼ੋਭਨੀਕ ਹੈ, ਮੈਨੂੰ ਸਾਰੇ ਆਰਾਮ ਹਨ ਅਤੇ ਦੁੱਖ ਤਕਲੀਫਾਂ ਲਈ ਹੁਣ ਕੋਈ ਜਗ੍ਹਾ ਨਹੀਂ। ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥ ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਵਾਹਿਗੁਰੂ ਪਾਤਸ਼ਾਹ ਮੈਨੂੰ ਆਪਣੇ ਕੰਤ ਵਜੋਂ ਮਿਲਿਆ ਹੈ, ਤੇ ਮੈਂ ਬੜੇ ਚੰਗੇ ਕਰਮਾ ਵਾਲੀ ਹਾਂ। ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥ ਇਕੱਠੀਆਂ ਹੋ ਕੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਹਨ ਅਤੇ ਸ੍ਰਿਸ਼ਟੀ ਦੇ ਸੁਆਮੀ ਦੇ ਭਜਨ ਉਚਾਰਣ ਕਰਦੀਆਂ ਹਨ। ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ ਵਾਹਿਗੁਰੂ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਦੂਸਰਾ ਉਸ ਦੇ ਬਰਾਬਰ ਨਹੀਂ। ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥ ਉਸ ਨੇ ਮੇਰਾ ਇਹ ਲੋਕ ਤੇ ਪਰਲੋਕ ਸੁਧਾਰ ਦਿਤੇ ਹਨ ਅਤੇ ਮੈਨੂੰ ਮੁਸਤਕਿਲ ਥਾਂ ਦੇ ਦਿੱਤੀ ਹੈ। ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ ਉਸ ਨੇ ਮੈਨੂੰ ਜਗਤ-ਸਮੁੰਦਰ ਤੋਂ ਬਚਾ ਲਿਆ ਹੈ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥ ਮੇਰੀ ਕੇਵਲ ਇਕ ਜੀਭ ਹੈ ਅਤੇ ਘਲੇਰੀਆਂ ਹਨ ਤੇਰੀਆਂ ਉਤਕ੍ਰਿਸ਼ਟਤਾਈਆਂ। ਤੇਰੇ ਪੈਰੀ ਡਿਗ ਕੇ ਨਾਨਕ ਪਾਰ ਉਤਰ ਗਿਆ ਹੈ। ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥ ਫਗਣ ਵਿੱਚ ਸਦਾ ਹੀ ਉਸ ਦੀ ਉਸਤਤ ਕਰ, ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ। ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਦੇ ਕਾਰਜ ਸੌਰ ਗਏ ਹਨ। ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥ ਜੋ ਵਾਹਿਗੁਰੂ ਸਰੂਪ ਪੁਰਨ-ਗੁਰਾਂ ਦਾ ਚਿੰਤਨ ਕਰਦੇ ਹਨ, ਉਹ ਉਸ ਦੇ ਦਰਬਾਰ ਅੰਦਰ ਸੱਚੇ ਤੇ ਅਸਲੀ ਕਰਾਰ ਦਿਤੇ ਜਾਂਦੇ ਹਨ। ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥ ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ। ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ। ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥ ਝੂਠ ਅਲੋਪ ਹੋ ਗਿਆ ਹੈ, ਦਵੈਤ-ਭਾਵ ਦੌੜ ਗਿਆ ਹੈ ਅਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਲਬਾਲਬ ਹਨ। ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ ਉਹ ਸ਼ਰੋਮਣੀ ਸਾਹਿਬ ਮਾਲਕ ਦੀ ਟਹਿਲ ਕਮਾਉਂਦੇ ਹਨ ਅਤੇ ਅਦੁੱਤੀ ਪੁਰਖ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਮਹੀਨੇ, ਦਿਹਾੜੇ ਅਤੇ ਮੁਹਤ ਉਨ੍ਹਾਂ ਲਈ ਚੰਗੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਣੀ ਰਹਿਮਤ ਦੀ ਨਜ਼ਰ ਧਾਰਦਾ ਹੈ। ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥ ਨਾਨਕ ਤੇਰੇ ਦੀਦਾਰ ਦੀ ਦਾਤ ਦੀ ਯਾਂਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਉਸ ਤੇ ਨਿਛਾਵਰ ਕਰ। ਮਾਝ ਮਹਲਾ ੫ ਦਿਨ ਰੈਣਿ ਮਾਝ ਪੰਜਵੀਂ ਪਾਤਸ਼ਾਹੀ। ਦਿਹੂੰ ਅਤੇ ਰਾਤ੍ਰੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥ ਮੈਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸਮੂਹ ਦਿਹੁੰ ਤੇ ਰਾਤ੍ਰੀ ਮੈਂ ਵਾਹਿਗੁਰੂ ਦਾ ਅਰਾਧਨ ਕਰਦਾ ਹਾਂ। ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥ ਆਪਣੀ ਸਵੈ-ਹੰਗਤਾ ਨੂੰ ਨਵਿਰਤ ਕਰਕੇ ਮੈਂ ਸਾਈਂ ਦੀ ਪਨਾਹ ਲੈਂਦਾ ਹਾਂ ਤੇ ਆਪਣੇ ਮੂੰਹ ਨਾਲ ਮਿਠੇ ਬਚਨ ਉਚਾਰਦਾ ਹਾਂ। ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥ ਅਨੇਕਾਂ ਜਨਮਾਂ ਤੋਂ ਮੈਂ ਤੇਰੇ ਨਾਲੋਂ ਵਿਛੁੰਨਾ ਹੋਇਆ ਹਾਂ ਹੇ ਮੇਰੇ ਮਿਤਰ ਤੇ ਸਨਬੰਧੀ ਵਾਹਿਗੁਰੂ! ਹੁਣ ਰਹਿਮ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ। ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥ ਜਿਹੜੇ ਪ੍ਰਾਣੀ ਰੱਬ ਨਾਲੋਂ ਵਿਛੁਨੇ ਹੋਏ ਹਨ, ਉਹ ਆਰਾਮ ਅੰਦਰ ਨਹੀਂ ਵਸਦੇ, ਹੇ ਮੇਰੀ ਅੰਮਾ ਜਾਈਏ! ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥ ਵਾਹਿਗੁਰੂ ਪਤੀ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ। ਮੈਂ ਸਾਰੇ ਮੰਡਲ ਖੋਜ ਭਾਲ ਕੇ ਵੇਖ ਲਏ ਹਨ। ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥ ਮੇਰੇ ਨਿਜ ਦੇ ਮੰਦੇ ਅਮਲਾਂ ਨੇ ਮੈਨੂੰ ਸਾਹਿਬ ਨਾਲੋਂ ਪਰੇਡੇ ਰਖਿਆ ਹੋਇਆ ਹੈ। ਮੈਂ ਕਿਸੇ ਉਤੇ ਇਲਜਾਮ ਕਿਉਂ ਲਾਵਾਂ? ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥ ਰਹਿਮ ਧਾਰ, ਹੇ ਸੁਆਮੀ! ਤੇ ਮੇਰੀ ਰਖਿਆ ਕਰ। ਹੋਰਸ ਕੋਈ ਰਹਿਮਤ ਕਰਨ ਵਾਲਾ ਨਹੀਂ। ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥ ਤੇਰੇ ਬਾਝੋਂ, ਹੇ ਵਾਹਿਗੁਰੂ! ਮਿੱਟੀ ਵਿੱਚ ਰੁਲਣਾ ਹੈ। ਮੈਂ ਆਪਣੇ ਦੁਖੜੇ ਦੇ ਕੀਰਣੇ ਕੀਹਦੇ ਮੂਹਰੇ ਵਰਨਣ ਕਰਾਂ? ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥ ਨਾਨਕ ਪ੍ਰਾਰਥਨਾ ਕਰਦਾ ਹੈ "ਆਪਣੀਆਂ ਅੱਖਾਂ ਨਾਲ ਮੈਂ ਦੈਵੀ ਪੁਰਸ਼ ਵਾਹਿਗੁਰੂ ਨੂੰ ਵੇਖਾਂ"। ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥ ਜੋ ਸਰਬ-ਸ਼ਕਤੀਵਾਨ ਤੇ ਬੇਅੰਤ ਵਾਹਿਗੁਰੂ ਸੁਆਮੀ ਹੈ, ਉਹ ਹੀ ਅੰਦਰਲੀ ਪੀੜਾ ਨੂੰ ਸਰਵਣ ਕਰਦਾ ਹੈ। ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥ ਮੌਤ ਅਤੇ ਜਿੰਦਗੀ ਅੰਦਰ ਉਸ ਦਾ ਸਿਮਰਣ ਕਰ, ਜੋ ਸਾਰਿਆਂ ਦਾ ਆਸਰਾ ਹੈ।
|