Page 133
ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥
ਧਰਮੀ ਤੇ ਪਵਿੱਤ੍ਰ ਪੁਰਸ਼ਾ ਦੇ ਪੈਰਾ ਦੀ ਪੂਜਾ ਕਰਨ ਦੁਆਰਾ ਸਾਰੀਆਂ ਖ਼ਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।

ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥
ਸਾਰਿਆਂ ਦਿਲਾਂ ਅੰਦਰ ਅਦੁੱਤੀ ਸਾਹਿਬ ਰਮਿਆ ਹੋਇਆ ਹੈ। ਉਹ ਪਾਣੀ, ਸੁੱਕੀ ਧਰਤੀ, ਜਮੀਨ ਤੇ ਅਸਮਾਨ ਨੂੰ ਪਰੀ-ਪੂਰਨ ਕਰ ਰਿਹਾ ਹੈ।

ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥
ਸਾਧੂਆਂ ਦੇ ਪੈਰਾ ਦੀ ਧੂੜ ਦੁਆਰਾ ਪਾਵਨ ਹੋ ਕੇ, ਮੈਂ ਗੁਨਾਹਾਂ ਦੇ ਮੇਸਣਹਾਰ ਸੁਆਮੀ ਦੀ ਘਾਲ ਕਮਾਈ ਹੈ।

ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥
ਮਾਲਕ ਨੇ ਖੁਦ ਮੈਨੂੰ ਪੂਰੀ ਤਰ੍ਹਾਂ ਬੰਦ ਖਲਾਸ ਕਰ ਦਿਤਾ ਹੈ ਅਤੇ ਮੈਂ ਵਾਹਿਗੁਰੂ ਦਾ ਸਿਮਰਨ ਕਰਕੇ ਸੀਤਲ ਹੋ ਗਿਆ ਹਾਂ।

ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥
ਸਿਰਜਣਹਾਰ ਨੇ ਨਿਆਓ ਕੀਤਾ ਹੈ ਅਤੇ ਪਾਂਬਰ ਗੂੰਗੇ ਬੋਲੇ ਹੋ ਕੇ ਮਰ ਗਏ ਹਨ।

ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥
ਨਾਨਕ ਸਚੇ ਨਾਮ ਨਾਲ ਰੰਗਿਆ ਗਿਆ ਹੈ ਅਤੇ ਉਹ ਵਾਹਿਗੁਰੂ ਨੂੰ ਹਮੇਸ਼ਾਂ ਆਪਣੀਆਂ ਅੱਖਾਂ ਸਾਹਮਣੇ ਪਰਤੱਖ ਦੇਖਦਾ ਹੈ।

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ਬਾਰਾਂ ਮਹੀਨੇ ਮਾਝ, ਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਮੇਰੇ ਸਰਬ-ਵਿਆਪਕ ਸੁਆਮੀ! ਮਿਹਰ ਧਾਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ ਜਿਹੜੇ, ਕੀਤੇ ਹੋਏ ਅਮਲਾਂ ਦੇ ਕਾਰਨ ਤੇਰੇ ਨਾਲੋ ਵਿਛੜੇ ਹੋਏ ਹਨ।

ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਚਾਰੋਂ ਹੀ ਨੁੱਕਰਾਂ ਅਤੇ ਦਸਾਂ ਹੀ ਪਾਸਿਆਂ ਅੰਦਰ ਭਟਕ ਅਤੇ ਹਾਰ ਹੁਟ ਕੇ ਅਸੀਂ ਤੇਰੀ ਸ਼ਰਣੀ ਆ ਪਏ ਹਾਂ, ਹੇ ਸੁਆਮੀ!

ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ ਆਉਂਦੀ।

ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਪਾਣੀ ਦੇ ਬਗੈਰ ਫਸਲ ਮੁਰਝਾ ਜਾਂਦੀ ਹੈ ਅਤੇ ਮੁੱਲ ਨਹੀਂ ਵਟਿਆ ਜਾਂਦਾ।

ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜੇਕਰ ਅਸੀਂ ਵਾਹਿਗੁਰੂ ਪਤੀ ਆਪਣੇ ਮਿਤ੍ਰ ਨੂੰ ਨਾਂ ਭੇਟੀਏ ਅਸੀਂ ਕਿਸ ਤਰ੍ਹਾਂ ਆਰਾਮ ਪਾ ਸਕਦੇ ਹਾਂ?

ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਉਹ ਝੁਗੇ, ਪਿੰਡ ਅਤੇ ਕਸਬੇ, ਜਿਨ੍ਹਾਂ ਅੰਦਰ ਵਾਹਿਗੁਰੂ ਖਸਮ, ਪਰਤੱਖ ਨਹੀਂ ਹੁੰਦਾ, ਤੰਦੂਰ ਦੀ ਮਾਨਿੰਦ ਹਨ।

ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਸਮੂਹ ਹਾਰਸ਼ਿੰਗਾਰ, ਪਾਨ ਅਤੇ ਨਿਆਮਤਾ ਸਮੇਤ ਸਰੀਰ ਦੇ ਸਾਰੇ ਹੀ ਫਜੂਲ ਹਨ।

ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਸਾਹਿਬ ਮਾਲਕ, ਲਾੜੇ ਬਗੇਰ, ਸਾਰੇ ਦੌਸਤ ਅਤੇ ਮਿੱਤਰ ਮੌਤ ਤੇ ਫ਼ਰਿਸ਼ਤੇ ਦੀ ਤਰ੍ਹਾਂ ਹਨ।

ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਨਾਨਕ ਦੀ ਪ੍ਰਾਰਥਨਾ ਹੈ, "ਆਪਣੀ ਰਹਿਮਤ ਧਾਰ ਅਤੇ ਆਪਣਾ ਨਾਮ ਪ੍ਰਦਾਨ ਕਰ"।

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥
ਹੇ ਵਾਹਿਗੁਰੂ! ਸਾਹਿਬ ਮਾਲਕ ਸਦੀਵੀ ਸਥਿਰ ਹੈ ਜਿਸ ਦਾ ਮੰਦਰ ਮੈਨੂੰ ਆਪਣੇ ਨਾਲ ਅਭੇਦ ਕਰ ਲੈ।

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ।

ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਪਵਿੱਤ੍ਰ ਪੁਰਸ਼ਾਂ ਨੂੰ ਭੇਟਣ ਅਤੇ ਜੀਭਾਂ ਨਾਲ ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।

ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਕੇਵਲ ਉਨ੍ਹਾਂ ਦਾ ਆਗਮਨ ਹੀ ਇਸ ਸੰਸਾਰ ਅੰਦਰ ਲੇਖੇ ਵਿੱਚ ਹੈ ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਪਾ ਲਿਆ ਹੈ।

ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਬੇ-ਅਰਥ ਜਾਣਿਆ ਜਾਂਦਾ ਹੈ ਉਸ ਦਾ ਜੀਵਨ, ਜੋ ਉਸ ਦੇ ਬਗੇਰ, ਇਕ ਮੁਹਤ ਭਰ ਲਈ ਭੀ, ਜੀਉਂਦਾ ਹੈ।

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਪ੍ਰਭੂ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਜੰਗਲਾਂ ਅੰਦਰ ਭੀ ਵਿਆਪਕ ਹੈ।

ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਕਿੰਨੀ ਕੁ ਤਕਲੀਫ ਮੈਂ ਗਿਣਾਂ, ਜੋ ਉਸ ਜੀਵ ਨੂੰ ਵਿਆਪਦੀ ਹੈ, ਜੋ ਉਸ ਸੁਆਮੀ ਨੂੰ ਚੇਤੇ ਨਹੀਂ ਕਰਦਾ।

ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਬਹੁਤ ਹੀ ਚੰਗੀ ਕਿਸਮਤ ਹੈ ਉਨ੍ਹਾਂ ਦੀ ਜੋ ਉਸ ਸਾਈਂ ਦੇ ਨਾਮ ਦਾ ਉਚਾਰਣ ਕਰਦੇ ਹਨ।

ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਵਾਹਿਗੁਰੂ ਦੇ ਦੀਦਾਰ ਲਈ, ਹੇ ਨਾਨਕ! ਮੇਰੀ ਆਤਮਾ ਤਰਸਦੀ ਹੈ ਤੇ ਮੇਰਾ ਚਿੱਤ ਤਿਹਾਇਆ ਹੈ।

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥
ਮੈਂ ਉਸ ਦੇ ਪੈਰੀ ਪੈਦਾ ਹਾਂ ਜੋ ਮੈਨੂੰ ਚੇਤ੍ਰ ਦੇ ਮਹੀਨੇ ਅੰਦਰ ਉਸ ਮਾਲਕ ਨਾਲ ਮਿਲਾ ਦੇਵੇ।

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ?

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ।

ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ-ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਕੂੜੇ ਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਅਤੇ ਉਲਝ ਕੇ ਸਾਰੀ ਦੁਨੀਆਂ ਮਲੀਆਮੇਟ ਹੋ ਗਈ ਹੈ।

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਇਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭਵਿੱਖ ਵਿਗਾੜ ਲੈਂਦਾ ਹੈ।

ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ। ਠਾਕਰ ਦੇ ਬਗੈਰ ਹੋਰ ਕੋਈ ਨਹੀਂ।

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਪਵਿੱਤਰ ਹੈ ਸੋਭਾ ਉਨ੍ਹਾਂ ਦੀ ਜਿਹੜੇ ਪਿਆਰੇ ਦੇ ਪੈਰਾਂ ਨਾਲ ਜੁੜੇ ਹੋਏ ਹਨ।

copyright GurbaniShare.com all right reserved. Email:-