Page 741

ਕਰਣਹਾਰ ਕੀ ਸੇਵ ਨ ਸਾਧੀ ॥੧॥
ਅਤੇ ਆਪਣੇ ਕਰਤਾਰ ਦੀ ਘਾਲ ਨਹੀਂ ਕਮਾਉਂਦਾ।

ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥
ਮੇਰੇ ਮਾਲਕ! ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ।

ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥
ਹੇ ਸਾਹਿਬ! ਤੂੰ ਮੈਂ ਨੇਕੀ-ਵਿਹੂਣ ਦੀ ਰੱਖਿਆ ਕਰ। ਠਹਿਰਾਉ।

ਤੂੰ ਦਾਤਾ ਪ੍ਰਭ ਅੰਤਰਜਾਮੀ ॥
ਤੂੰ ਅੰਦਰਲੀਆਂ ਜਾਨਣ ਵਾਲਾ ਦਾਤਾਰ ਸੁਆਮੀ ਹੈਂ।

ਕਾਚੀ ਦੇਹ ਮਾਨੁਖ ਅਭਿਮਾਨੀ ॥੨॥
ਨਾਸਵੰਤ ਹੈ ਸਰੀਰ ਆਕੜ-ਖਾਂ ਮਨੁੱਖ ਦਾ।

ਸੁਆਦ ਬਾਦ ਈਰਖ ਮਦ ਮਾਇਆ ॥
ਖੁਸ਼ੀਆਂ, ਲੜਾਈ, ਝਗੜਾ, ਹਸਦ ਅਤੇ ਧਨ-ਦੌਲਤ ਦਾ ਹੰਕਾਰ,

ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥
ਇਨ੍ਹਾਂ ਨਾਲ ਜੁੜ ਕੇ ਬੰਦਾ ਆਪਣਾ ਹੀਰੇ ਵਰਗਾ ਜੀਵਨ ਗੁਆ ਲੈਂਦਾ ਹੈ।

ਦੁਖ ਭੰਜਨ ਜਗਜੀਵਨ ਹਰਿ ਰਾਇਆ ॥
ਵਾਹਿਗੁਰੂ ਪਾਤਿਸ਼ਾਹ, ਤਕਲੀਫ ਨਾਸ ਕਰਨਹਾਰ ਅਤੇ ਜਗਤ ਦੀ ਜਿੰਦ-ਜਾਨ ਹੈ।

ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥
ਹੋਰ ਸਾਰਾ ਕੁਛ ਛੱਡ ਕੇ ਨਾਨਕ ਨੇ ਉਸ ਦੀ ਸ਼ਰਨ ਸੰਭਾਲੀ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥
ਅੱਖਾਂ ਨਾਲ ਵੇਖਦਾ ਹੋਇਆ ਬੰਦਾ ਅੰਨ੍ਹਾਂ ਆਖਿਆ ਜਾਂਦਾ ਹੈ ਅਤੇ ਸੁਣੇ ਹੋਏ ਨੂੰ ਇਹ ਅਣਸੁਣਿਆ ਕਰ ਛੱਡਦਾ ਹੈ।

ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥
ਜੋ ਨੇੜੇ ਵਸਦਾ ਹੈ, ਉਸ ਨੂੰ ਉਹ ਦੁਰੇਡੇ ਸਮਝਦਾ ਹੈ। ਗੁਨਹਿਗਾਰ ਸਦਾ ਗੁਨਾਹ ਕਮਾਉਂਦਾ ਹੈ।

ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥
ਹੇ ਫਾਨੀ ਬੰਦੇ! ਤੂੰ ਉਹ ਅਮਲ ਕਮਾ ਜਿਹੜੇ ਤੈਨੂੰ ਬੰਦ-ਖਲਾਸ ਕਰਾ ਦੇਣ।

ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਅਤੇ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰ। ਠਹਿਰਉ।

ਘੋਰ ਮਹਲ ਸਦਾ ਰੰਗਿ ਰਾਤਾ ॥
ਤੂੰ ਹਮੇਸ਼ਾਂ ਘੋੜਿਆਂ ਦੇ ਮੰਦਰਾਂ ਦੀ ਮੁਹੱਬਤ ਨਾਲ ਰੰਗਿਆ ਰਹਿੰਦਾ ਹੈਂ।

ਸੰਗਿ ਤੁਮ੍ਹ੍ਹਾਰੈ ਕਛੂ ਨ ਜਾਤਾ ॥੨॥
ਜਾਣ ਲੈ ਕੇ ਤੇਰੇ ਨਾਲ ਕੁਝ ਭੀ ਨਹੀਂ ਜਾਣਾ।

ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥
ਤੂੰ ਆਪਣੇ ਮਿੱਟੀ ਦੇ ਬਰਤਨ ਨੂੰ ਪੋਚ ਪਾਚ ਕੇ ਰੱਖਦਾ ਹੈਂ।

ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥
ਪਰ ਇਹ ਅੰਦਰੋਂ ਬੜਾ ਹੀ ਪਲੀਤ ਹੈ ਅਤੇ ਇਸ ਨੂੰ ਮੌਤ ਦੀ ਸਜ਼ਾ ਮਿਲੇਗੀ।

ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥
ਤੈਨੂੰ ਕਾਮ-ਚੇਸ਼ਟਾ, ਗੁੱਸੇ, ਲਾਲਚ ਅਤੇ ਸੰਸਾਰੀ ਲਗਨ ਨੇ ਬੰਨਿ੍ਹਆ ਹੋਇਆ ਹੈ।

ਮਹਾ ਗਰਤ ਮਹਿ ਨਿਘਰਤ ਜਾਤਾ ॥੪॥
ਤੂੰ ਦੁਨੀਆਦਾਰੀ ਦੇ ਭਾਰੇ ਖੱਡੇ ਵਿੱਚ ਗਰਕ ਹੁੰਦਾ ਜਾ ਰਿਹਾ ਹੈ।

ਨਾਨਕ ਕੀ ਅਰਦਾਸਿ ਸੁਣੀਜੈ ॥
ਹੇ ਮੇਰੇ ਸਾਈਂ! ਨਾਨਕ ਦੀ ਪ੍ਰਾਰਥਨਾ ਸੁਣੋ,

ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥
ਅਤੇ ਮੈਂ ਡੁਬਦੇ ਹੋਏ ਪੱਥਰ ਦਾ ਪਾਰ ਉਤਾਰਾ ਕਰੋ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਜੀਵਤ ਮਰੈ ਬੁਝੈ ਪ੍ਰਭੁ ਸੋਇ ॥
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਸਾਹਿਬ ਨੂੰ ਸਮਝ ਲੈਂੈਂਦਾ ਹੈ।

ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥
ਉਸ ਪੁਰਸ਼ ਨੂੰ ਸਾਹਿਬ ਆਪਣੀ ਦਇਆ ਦੁਆਰਾ ਮਿਲ ਪੈਂਦਾ ਹੈ।

ਸੁਣਿ ਸਾਜਨ ਇਉ ਦੁਤਰੁ ਤਰੀਐ ॥
ਸੁਣ ਹੇ ਮਿੱਤਰ! ੲਸ ਤਰ੍ਹਾਂ ਕਠਨ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।

ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥
ਸੰਤਾਂ ਦੀ ਸੰਗਤ ਕਰ ਅਤੇ ਸੁਆਮੀ ਦੇ ਨਾਮ ਨੂੰ ਉਚਾਰ। ਠਹਿਰਾਉ।

ਏਕ ਬਿਨਾ ਦੂਜਾ ਨਹੀ ਜਾਨੈ ॥
ਇਕ ਪ੍ਰਭੂ ਦੇ ਬਾਝੋਂ ਬੰਦੇ ਨੂੰ ਹੋਰ ਕਿਸੇ ਨੂੰ ਜਾਨਣਾ ਨਹੀਂ ਚਾਹੀਦਾ।

ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥
ਉਸ ਨੂੰ ਸਾਰਿਆਂ ਦਿਲਾਂ ਅੰਦਰ ਇਕ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰਨਾ ਉਚਿਤ ਹੈ।

ਜੋ ਕਿਛੁ ਕਰੈ ਸੋਈ ਭਲ ਮਾਨੈ ॥
ਜਿਹੜਾ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਚੰਗਾ ਸਮਝ ਕੇ ਪਰਵਾਨ ਕਰਦਾ ਹੈ।

ਆਦਿ ਅੰਤ ਕੀ ਕੀਮਤਿ ਜਾਨੈ ॥੩॥
ਉਹ ਆਰੰਭ ਅਤੇ ਅਖੀਰ ਦੇ ਮੁੱਲ ਨੂੰ ਜਾਣਦਾ ਹੈ।

ਕਹੁ ਨਾਨਕ ਤਿਸੁ ਜਨ ਬਲਿਹਾਰੀ ॥
ਗੁਰੂ ਜੀ ਫਰਮਾਉਂਦੇ ਹਨ ਮੈਂ ਉਸ ਜੀਵ ਤੋਂ ਕੁਰਬਾਨ ਜਾਂਦਾ ਹਾਂ,

ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥
ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ, ਵਾਹਿਗੁਰੂ ਵਸਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਗੁਰੁ ਪਰਮੇਸਰੁ ਕਰਣੈਹਾਰੁ ॥
ਗੁਰੂ ਜੀ ਆਪ ਹੀ ਸੁਆਮੀ ਸਿਰਜਣਹਾਰ ਹਨ।

ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥
ਉਹ ਸਾਰੇ ਆਲਮ ਨੂੰ ਆਸਰਾ ਦਿੰਦਾ ਹੈ।

ਗੁਰ ਕੇ ਚਰਣ ਕਮਲ ਮਨ ਧਿਆਇ ॥
ਆਪਣੇ ਚਿੱਤ ਅੰਦਰ ਤੂੰ ਗੁਰਾਂ ਦੇ ਕੰਵਲ ਰੂਪੀ ਚਰਨਾਂ ਦਾ ਆਰਾਧਨ ਕਰ।

ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥
ਇਸ ਤਰ੍ਹਾਂ ਕਸ਼ਟ ਤੇ ਪੀੜ ਤੇਰੀ ਇਸ ਦੇਹ ਤੋਂ ਪਰੇ ਭਜ ਜਾਣਗੇ। ਠਹਿਰਾਉ।

ਭਵਜਲਿ ਡੂਬਤ ਸਤਿਗੁਰੁ ਕਾਢੈ ॥
ਸੱਚੇ ਗੁਰੂ ਜੀ ਡੁੱਬਦੇ ਇਨਸਾਨ ਨੂੰ ਡਰਾਉਣੇ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈਂਦੇ ਹਨ।

ਜਨਮ ਜਨਮ ਕਾ ਟੂਟਾ ਗਾਢੈ ॥੨॥
ਉਹ ਉਨ੍ਹਾਂ ਨੂੰ ਜੋੜ ਦਿੰਦੇ ਹਨ ਜੋ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਨ।

ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥
ਤੂੰ, ਗੁਰਾਂ ਦਾ ਦਿਨ ਰਾਤ ਟਹਿਲ ਕਮਾ।

ਸੂਖ ਸਹਜ ਮਨਿ ਆਵੈ ਸਾਂਤਿ ॥੩॥
ਤੇਰੀ ਆਤਮਾ ਨੂੰ ਇਸ ਤਰ੍ਹਾਂ ਆਨੰਦ, ਅਡੋਲਤਾ ਅਤੇ ਠੰਢ-ਚੈਨ ਪਰਾਪਤ ਹੋ ਜਾਏਗੀ।

ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥
ਭਾਰੇ ਸ਼੍ਰੇਸ਼ਟ ਭਾਗਾਂ ਦੁਆਰਾ, ਬੰਦੇ ਨੂੰ ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪਰਾਪਤ ਹੁੰਦੀ ਹੈ।

ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥
ਨਾਨਕ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਗੁਰ ਅਪੁਨੇ ਊਪਰਿ ਬਲਿ ਜਾਈਐ ॥
ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ।

ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥
ਅੱਠੇ ਪਹਿਰ ਹੀ ਮੈਂ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।

ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥
ਤੂੰ ਆਪਣੇ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ।

ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
ਉਹ ਸਾਰਿਆਂ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ। ਠਹਿਰਾਉ।

ਚਰਣ ਕਮਲ ਸਿਉ ਲਾਗੀ ਪ੍ਰੀਤਿ ॥
ਜਦ ਇਨਸਾਨ ਦਾ ਪ੍ਰਭੂ ਦੇ ਅੰਦਰ ਕੰਵਲ-ਰੂਪੀ ਚਰਨਾਂ ਨਾਲ ਪ੍ਰੇਮ ਪੈ ਜਾਂਦਾ ਹੈ,

ਸਾਚੀ ਪੂਰਨ ਨਿਰਮਲ ਰੀਤਿ ॥੨॥
ਤਾਂ ਉਸ ਦੀ ਜੀਵਨ ਰਹੁ-ਰੀਤੀ ਸੱਚੀ, ਪੂਰੀ ਤੇ ਪਵਿੱਤਰ ਹੋ ਜਾਂਦੀ ਹੈ।

ਸੰਤ ਪ੍ਰਸਾਦਿ ਵਸੈ ਮਨ ਮਾਹੀ ॥
ਸਾਧੂਆਂ ਦੀ ਦਇਆ ਦੁਆਰਾ ਸਾਈਂ ਚਿੱਤ ਵਿੱਚ ਵਸਦਾ ਹੈ,

ਜਨਮ ਜਨਮ ਕੇ ਕਿਲਵਿਖ ਜਾਹੀ ॥੩॥
ਅਤੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
ਹੇ ਮਸਕੀਨਾਂ ਤੇ ਮਿਹਰਬਾਨ ਸੁਆਮੀ! ਤੂੰ ਮੇਰੇ ਉਤੇ ਤਰਸ ਕਰ।

ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥
ਨਾਨਕ, ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ।

copyright GurbaniShare.com all right reserved. Email