Page 1188

ਮਨੁ ਭੂਲਉ ਭਰਮਸਿ ਭਵਰ ਤਾਰ ॥
ਭੁੱਲਣ ਵਾਲਾ ਮਨੂਆ ਭਉਰੇ ਦੀ ਮਾਨੰਦ ਭਟਕਦਾ ਹੈ।

ਬਿਲ ਬਿਰਥੇ ਚਾਹੈ ਬਹੁ ਬਿਕਾਰ ॥
ਵਿਅਰਥ ਹਨ ਦੇਹਿ ਦੀਆਂ ਨੌਂ ਗੋਲਕਾਂ, ਜੇਕਰ ਮਨੂਆ ਪਾਪ ਕਰਨ ਨੂੰ ਘਣੇਰਾ ਲੋਚਦਾ ਹੈ।

ਮੈਗਲ ਜਿਉ ਫਾਸਸਿ ਕਾਮਹਾਰ ॥
ਵਿਸ਼ਈ ਹਾਥੀ ਦੀ ਤਰ੍ਹਾਂ ਮਨੂਆ ਫਾਹੀ ਵਿੱਚ ਫਸ ਜਾਂਦਾ ਹੈ।

ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥
ਉਹ ਸੰਗਲਾਂ ਨਾਲ ਕਸ ਕੇ ਨਰੜ ਲਿਆ ਜਾਂਦਾ ਹੈ ਅਤੇ ਆਪਣੇ ਸਿਰ ਊਤੇ ਕੁੰਡੇ ਦੀ ਸੱਟ ਸਹਾਰਦਾ ਹੈ।

ਮਨੁ ਮੁਗਧੌ ਦਾਦਰੁ ਭਗਤਿਹੀਨੁ ॥
ਪ੍ਰਭੂ ਦੇ ਵੈਰਾਗ ਦੇ ਬਗੈਰ, ਮਨੂਆ ਡੱਡੂ ਦੀ ਮਾਨੰਦ ਮੂਰਖ ਹੈ।

ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥
ਨਾਮ ਦੇ ਬਿਨਾਂ, ਪ੍ਰਭੂ ਦੇ ਦਰਬਾਰ ਅੰਦਰ ਮਨੂਆ ਦੋਜ਼ਕੀ ਤੇ ਅਪਰਾਧੀ ਠਹਿਰਾਇਆ ਜਾਂਦਾ ਹੈ।

ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥
ਜੋ, ਨਾਂਮ ਦੇ ਬਿਨਾਂ ਹਨ ਉਹਨਾਂ ਦਾ ਕੋਈ ਵਰਨ ਤੇ ਇਜਤ ਨਹੀਂ ਤੇ ਕੋਈ ਜਣਾ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ।

ਸਭਿ ਦੂਖ ਸਖਾਈ ਗੁਣਹ ਬੀਨ ॥੩॥
ਸਾਰੇ ਦੁਖੜੇ ਉਹਨਾਂ ਦੇ ਸਾਥੀ ਹੋ ਜਾਂਦੇ ਹਨ ਜੋ ਨੇਕੀਆਂ ਤੋਂ ਬਿਨਾ ਹਨ।

ਮਨੁ ਚਲੈ ਨ ਜਾਈ ਠਾਕਿ ਰਾਖੁ ॥
ਮਨੂਆ ਭਟਕਦਾ ਫਿਰਦਾ ਹੈ ਅਤੇ ਰੋਕ ਕੇ ਰੱਖਿਆ ਨਹੀਂ ਜਾ ਸਕਦਾ।

ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥
ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਣ ਦੇ ਬਗੈਰ, ਇਸ ਦੀ ਕੋਈ ਇੱਜਤ ਅਤੇ ਇਤਬਾਰ ਨਹੀਂ।

ਤੂ ਆਪੇ ਸੁਰਤਾ ਆਪਿ ਰਾਖੁ ॥
ਤੂੰ, ਹੇ ਪ੍ਰਭੂ! ਆਪ ਹੀ ਸਰੋਤਾ ਹੈ ਅਤੇ ਆਪੇ ਹੀ ਰੱਖਣ ਵਾਲਾ।

ਧਰਿ ਧਾਰਣ ਦੇਖੈ ਜਾਣੈ ਆਪਿ ॥੪॥
ਧਰਤੀ ਨੂੰ ਟਿਕਾ ਕੇ ਤੂੰ ਖੁਦ ਹੀ ਇਸ ਨੂੰ ਵੇਖਦਾ ਅਤੇ ਸਮਝਦਾ ਹੈ।

ਆਪਿ ਭੁਲਾਏ ਕਿਸੁ ਕਹਉ ਜਾਇ ॥
ਜਦ ਤੂੰ ਆਪੇ ਹੀ ਮੈਨੂੰ ਭੁਲਾਉਂਦਾ ਹੈ, ਮੈਂ ਕੀਹਦੇ ਕੋਲ ਜਾ ਕੇ ਸ਼ਿਕਾਇਤ ਕਰਾਂ?

ਗੁਰੁ ਮੇਲੇ ਬਿਰਥਾ ਕਹਉ ਮਾਇ ॥
ਜੇਕਰ ਤੂੰ ਮੈਨੂੰ ਮੇਰੇ ਗੁਰਾਂ ਨਾਲ ਮਿਲਾ ਦੇਵੇ, ਤਦ ਮੈਂ ਉਹਨਾਂ ਨੂੰ ਆਪਣੇ ਦਿਲ ਦਾ ਦੁੱਖ ਦੱਸਾਂ, ਹੇ ਮਾਤਾ!

ਅਵਗਣ ਛੋਡਉ ਗੁਣ ਕਮਾਇ ॥
ਪਾਪਾਂ ਨੂੰ ਤਿਆਗ, ਮੈਂ ਨੇਕੀਆਂ ਦੀ ਕਮਾਈ ਕੀਤੀ ਹੈ,

ਗੁਰ ਸਬਦੀ ਰਾਤਾ ਸਚਿ ਸਮਾਇ ॥੫॥
ਤੇ ਗੁਰਾਂ ਦੀ ਬਾਣੀ ਨਾਲ ਰੰਗੀਜਣ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।

ਸਤਿਗੁਰ ਮਿਲਿਐ ਮਤਿ ਊਤਮ ਹੋਇ ॥
ਸੱਚੇ ਗੁਰਾਂ ਨਾਲ ਮਿਲ ਕੇ, ਜੀਵ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ,

ਮਨੁ ਨਿਰਮਲੁ ਹਉਮੈ ਕਢੈ ਧੋਇ ॥
ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੀ ਹੰਗਤਾ ਧੋਤੀ ਜਾਂਦੀ ਹੈ।

ਸਦਾ ਮੁਕਤੁ ਬੰਧਿ ਨ ਸਕੈ ਕੋਇ ॥
ਉਹ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਤੇ ਕੋਈ ਭੀ ਉਸ ਨੂੰ ਬੰਨ੍ਹ ਨਹੀਂ ਸਕਦਾ।

ਸਦਾ ਨਾਮੁ ਵਖਾਣੈ ਅਉਰੁ ਨ ਕੋਇ ॥੬॥
ਉਹ ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਹੋਰ ਕੁਛ ਨਹੀਂ।

ਮਨੁ ਹਰਿ ਕੈ ਭਾਣੈ ਆਵੈ ਜਾਇ ॥
ਬੰਦਾ ਰੱਬ ਦੀ ਰਜ਼ਾ ਅੰਦਰ ਆਉਂਦਾ ਹੈ ਤੇ ਜਾਂਦਾ ਹੈ।

ਸਭ ਮਹਿ ਏਕੋ ਕਿਛੁ ਕਹਣੁ ਨ ਜਾਇ ॥
ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।

ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥
ਉਸ ਦਾ ਫੁਰਮਾਨ ਸਾਰਿਆਂ ਤੇ ਲਾਗੂ ਹੈ ਅਤੇ ਹਰ ਕੋਈ ਉਸ ਦੀ ਰਜ਼ਾ ਅੰਦਰ ਲੀਨ ਹੁੰਦਾ ਹੈ।

ਦੂਖ ਸੂਖ ਸਭ ਤਿਸੁ ਰਜਾਇ ॥੭॥
ਗ਼ਮੀ ਤੇ ਖ਼ੁਸ਼ੀ ਸਮੂਹ ਉਸ ਦੀ ਰਜ਼ਾ ਅੰਦਰ ਹਨ।

ਤੂ ਅਭੁਲੁ ਨ ਭੂਲੌ ਕਦੇ ਨਾਹਿ ॥
ਤੂੰ ਅਚੂਕ ਹੈ, ਨਹੀਂ, ਤੂੰ ਕਦਾਚਿੱਤ ਗਲਤੀ ਨਹੀਂ ਕਰਦਾ।

ਗੁਰ ਸਬਦੁ ਸੁਣਾਏ ਮਤਿ ਅਗਾਹਿ ॥
ਜੋ, ਗੁਰਾਂ ਦੀ ਬਾਣੀ ਸ੍ਰਵਣ ਕਰਦੇ ਹਨ, ਅਗਾਧ ਹੋ ਜਾਂਦਾ ਹੈ ਉਨ੍ਹਾਂ ਦੀ ਅਕਲ।

ਤੂ ਮੋਟਉ ਠਾਕੁਰੁ ਸਬਦ ਮਾਹਿ ॥
ਤੂੰ, ਹੇ ਵਿਸ਼ਾਲ ਸੁਆਮੀ! ਗੁਰਾਂ ਦੀ ਬਾਣੀ ਵਿੱਚ ਰਮਿਆ ਹੋਇਆ ਹੈਂ।

ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥
ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਨਾਨਕ ਦਾ ਚਿੱਤ ਪ੍ਰਸੰਨ ਹੋ ਗਿਆ ਹੇ।

ਬਸੰਤੁ ਮਹਲਾ ੧ ॥
ਬਸੰਤ ਪਹਿਲੀ ਪਾਤਿਸ਼ਾਹੀ।

ਦਰਸਨ ਕੀ ਪਿਆਸ ਜਿਸੁ ਨਰ ਹੋਇ ॥
ਜਿਸ ਬੰਦੇ ਨੂੰ ਪ੍ਰਭੁ ਦੀ ਦੀਦਾਰ ਦੀ ਤਰੇਹ ਹੈ,

ਏਕਤੁ ਰਾਚੈ ਪਰਹਰਿ ਦੋਇ ॥
ਉਹ ਕੇਵਲ ਇਕ ਅੰਦਰ ਹੀ ਲੀਨ ਹੁੰਦਾ ਹੈ ਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।

ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥
ਆਪਣੇ ਭੋਜਨ ਲਈ ਉਹ ਵਾਹਿਗੁਰੂ ਦੇ ਸੁਧਾਰਸ ਨੂੰ ਰਿੜਕਦਾ ਹੈ, ਤੇ ਉਸ ਦੀ ਪੀੜ ਨਵਿਰਤ ਜਾਂਦੀ ਹੈ।

ਗੁਰਮੁਖਿ ਬੂਝੈ ਏਕ ਸਮਾਇ ॥੧॥
ਗੁਰਾਂ ਦੀ ਦਇਆ ਦੁਆਰਾ ਉਹ ਜਾਣ ਲੈਂਦਾ ਹੈ ਅਤੇ ਇਕ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।

ਤੇਰੇ ਦਰਸਨ ਕਉ ਕੇਤੀ ਬਿਲਲਾਇ ॥
ਘਣੇਰੇ ਹੀ ਇਨਸਾਨ, ਤੇਰੇ ਦੀਦਾਰ ਨਹੀਂ ਵਿਲਕਦੇ ਹਨ, ਹੇ ਸਾਈਂ!

ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥੧॥ ਰਹਾਉ ॥
ਗੁਰਾਂ ਦੀ ਬਾਣੀ ਰਾਹੀਂ, ਕੋਈ ਟਾਵਾਂ ਟੱਲਾ ਜਣਾ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਉਸ ਨਾਲ ਅਭੇਦ ਹੁੰਦਾ ਹੈ। ਠਹਿਰਾਉ।

ਬੇਦ ਵਖਾਣਿ ਕਹਹਿ ਇਕੁ ਕਹੀਐ ॥
ਵੇਦ ਵਰਣਨ ਕਰਦੇ ਤੇ ਆਖਦੇ ਹਨ, ਕਿ ਪ੍ਰਾਣੀ ਨੂੰ ਇਕ ਸੁਆਮੀ ਦਾ ਨਾਮ ਉਚਾਰਨ ਚਾਹੀਦਾ ਹੈ।

ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥
ਉਹ ਓੜਕ-ਰਹਤਿ ਹੈ, ਉਸ ਦੇ ਓੜਕ ਨੂੰ ਕੌਣ ਪਾ ਸਕਦਾ ਹੈ?

ਏਕੋ ਕਰਤਾ ਜਿਨਿ ਜਗੁ ਕੀਆ ॥
ਕੇਵਲ ਇਕ ਹੀ ਸਿਰਜਣਹਾਰ ਹੈ, ਜਿਸ ਨੇ ਸੰਸਾਰ ਨੂੰ ਸਾਜਿਆ ਹੈ।

ਬਾਝੁ ਕਲਾ ਧਰਿ ਗਗਨੁ ਧਰੀਆ ॥੨॥
ਕਿਸੇ ਥੰਭ ਦੇ ਬਗੈਰ, ਉਸ ਨੇ ਧਰਤੀ ਅਤੇ ਅਸਮਾਨ ਨੂੰ ਟਿਕਾਇਆ ਹੋਇਆ ਹੈ।

ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥
ਬ੍ਰਹਮ-ਗਿਆਤ ਅਤੇ ਅਨੁਭਵਤਾ ਕੇਵਲ ਗੁਰਬਾਣੀ ਦਾ ਕੀਰਤਨ ਸੁਣਨ ਵਿੱਚ ਹੀ ਹੈ।

ਏਕੁ ਨਿਰਾਲਮੁ ਅਕਥ ਕਹਾਣੀ ॥
ਪਵਿੱਤ੍ਰ ਹੈ ਇਕ ਪ੍ਰਭੂ ਅਤੇ ਵਰਣਨ-ਰਹਿਤ ਹੈ ਉਸ ਦੀ ਵਾਰਤਾ।

ਏਕੋ ਸਬਦੁ ਸਚਾ ਨੀਸਾਣੁ ॥
ਕੇਵਲ ਨਾਮ ਹੀ ਪ੍ਰਭੂ ਦੀ ਪ੍ਰਵਾਨਗੀ ਦੀ ਸਚੀ ਮੋਹਰ ਹੈ।

ਪੂਰੇ ਗੁਰ ਤੇ ਜਾਣੈ ਜਾਣੁ ॥੩॥
ਪੂਰਨ ਗੁਰਾਂ ਦੇ ਰਾਹੀਂ ਹੀ ਜਾਣਕਾਰ ਪ੍ਰਭੂ ਜਾਣਿਆ ਜਾਂਦਾ ਹੈ।

ਏਕੋ ਧਰਮੁ ਦ੍ਰਿੜੈ ਸਚੁ ਕੋਈ ॥
ਜੇਕਰ ਕੋਈ ਜਣਾ ਇਸ ਨੂੰ ਪਕੜੇ ਕੇਵਲ ਇਕ ਹੀ ਸੱਚ ਦਾ ਮਜ਼ਹਬ ਹੈ।

ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸਾਰਿਆਂ ਯੁਗਾਂ ਅੰਦਰ ਪੂਰਨ ਹੋ ਜਾਂਦਾ ਹੈ।

ਅਨਹਦਿ ਰਾਤਾ ਏਕ ਲਿਵ ਤਾਰ ॥
ਜੋ ਅਦੁਤੀ ਹੱਦਬੰਨਾ-ਰਹਿਤ ਸੁਆਮੀ ਦੀ ਇਕਰਸ ਪ੍ਰੀਤ ਨਾਲ ਰੰਗਿਆ ਹੋਇਆ ਹੈ,

ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥
ਗੁਰਾਂ ਦੀ ਦਇਆ ਦੁਆਰਾ ਉਹ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ।

ਏਕੋ ਤਖਤੁ ਏਕੋ ਪਾਤਿਸਾਹੁ ॥
ਕੇਵਲ ਇਕ ਹੀ ਰਾਜ-ਸਿੰਘਾਸਣ ਹੈ ਅਤੇ ਇਕ ਹੀ ਰਾਜਾ।

ਸਰਬੀ ਥਾਈ ਵੇਪਰਵਾਹੁ ॥
ਸੁੰਤਤਰ ਸੁਆਮੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।

ਤਿਸ ਕਾ ਕੀਆ ਤ੍ਰਿਭਵਣ ਸਾਰੁ ॥
ਤਿੰਨੇ ਜਹਾਨ ਉਸ ਸਰੇਸ਼ਟ ਸੁਆਮੀ ਦੀ ਰਚਨਾ ਹਨ।

ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥
ਉਹ ਸਰੂਪ-ਰਹਿਤ ਸੁਆਮੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ।

ਏਕਾ ਮੂਰਤਿ ਸਾਚਾ ਨਾਉ ॥
ਸੱਚਾ ਹੈ ਨਾਮ ਉਸ ਅਦੁੱਤੀ ਅਦੁੱਤੀ ਹਸਤੀ ਦਾ।

ਤਿਥੈ ਨਿਬੜੈ ਸਾਚੁ ਨਿਆਉ ॥
ਓਥੇ ਸੱਚਾ ਇਨਸਾਫ ਹੁੰਦਾ ਹੈ।

ਸਾਚੀ ਕਰਣੀ ਪਤਿ ਪਰਵਾਣੁ ॥
ਜੋ ਸੱਚ ਦੀ ਕਮਾਈ ਕਰਦੇ ਹਨ, ਉਹ ਇੱਜ਼ਤ ਆਬਰੂ ਪਾਉਂਦੇ ਹਨ ਅਤੇ ਕਬੂਲ ਪੈ ਜਾਂਦੇ ਹਨ।

ਸਾਚੀ ਦਰਗਹ ਪਾਵੈ ਮਾਣੁ ॥੬॥
ਸਚੇ ਦਰਬਾਰ ਅੰਦਰ ਉਹ ਪ੍ਰਭਤਾ ਪਾਉਂਦੇ ਹਨ।

ਏਕਾ ਭਗਤਿ ਏਕੋ ਹੈ ਭਾਉ ॥
ਸੱਚਾ ਹੈ ਇਕ ਸੁਆਮੀ ਦਾ ਵੈਰਾਗ ਅਤੇ ਸੱਚਾ ਹੈ ਕੇਵਲ ਉਸ ਦਾ ਹੀ ਪ੍ਰੇਮ।

ਬਿਨੁ ਭੈ ਭਗਤੀ ਆਵਉ ਜਾਉ ॥
ਪ੍ਰਭੂ ਦੇ ਡਰ ਅਤੇ ਅਨੁਰਾਗੀ ਸੇਵਾ ਦੇ ਬਾਝੋਂ ਇਨਸਾਨ ਆਉਂਦਾ ਤੇ ਜਾਂਦਾ ਹੈ।

ਗੁਰ ਤੇ ਸਮਝਿ ਰਹੈ ਮਿਹਮਾਣੁ ॥
ਜੋ ਗੁਰਾਂ ਪਾਸੋਂ ਗਿਆਤ ਪਰਾਪਤ ਕਰ ਲੈਂਦਾ ਹੈ, । ਉਹ ਸੰਸਾਰ ਅੰਦਰ ਪਰਾਹੁਣੇ ਹੀ ਤਰ੍ਹਾਂ ਵਸਦਾ ਹੈ।

copyright GurbaniShare.com all right reserved. Email