ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥ ਨਾਨਕ ਉਤੇ ਤੂੰ ਆਪਣੀ ਰਹਿਮਤ ਧਾਰ, ਹੇ ਸਾਈਂ! ਤਾਂ ਜੋ ਉਸ ਨੂੰ ਠੰਖ ਚੈਨ ਪ੍ਰਾਪਤ ਹੋ ਜਾਵੇ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਤੇਰੀ ਟੇਕ ਰਹਾ ਕਲਿ ਮਾਹਿ ॥ ਤੇਰੇ ਆਸਰੇ ਦੁਆਰਾ ਹੀ ਮੈਂ ਇਸ ਕਾਲੇ ਸਮੇ ਅੰਦਰ ਰਹਿੰਦਾ ਹਾਂ, ਹੇ ਪ੍ਰਭੂ! ਤੇਰੀ ਟੇਕ ਤੇਰੇ ਗੁਣ ਗਾਹਿ ॥ ਤੇਰੇ ਆਸਰੇ ਰਾਹੀਂ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ। ਤੇਰੀ ਟੇਕ ਨ ਪੋਹੈ ਕਾਲੁ ॥ ਤੇਰੀ ਸ਼ਰਣਾਗਤ ਅੰਦਰ ਮੌਤ ਮੈਨੂੰ ਦੁੱਖ ਨਹੀਂ ਦੇ ਸਕਦੀ। ਤੇਰੀ ਟੇਕ ਬਿਨਸੈ ਜੰਜਾਲੁ ॥੧॥ ਤੇਰੀ ਪਨਾਹ ਰਾਹੀਂ ਪੁਆੜੇ ਮੁਕ ਜਾਂਦੇ ਹਨ। ਦੀਨ ਦੁਨੀਆ ਤੇਰੀ ਟੇਕ ॥ ਇਸ ਲੋਕ ਅਤੇ ਪ੍ਰਲੋਕ ਵਿੱਚ, ਮੈਨੂੰ ਤੇਰਾ ਹੀ ਆਸਰਾ ਹੈ। ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥ ਸਾਰਿਆਂ ਅੰਦਰ ਇੱਕ ਪ੍ਰਭੂ ਹੀ ਸਮਾਇਆ ਹੋਇਆ ਹੈ। ਠਹਿਰਾਉ। ਤੇਰੀ ਟੇਕ ਕਰਉ ਆਨੰਦ ॥ ਤੇਰਾ ਆਸਰਾ ਲੈ, ਮੈਂ ਆਤਮਕ-ਆਨੰਦ ਪ੍ਰਾਪਤ ਕਰਦਾ ਹਾਂ। ਤੇਰੀ ਟੇਕ ਜਪਉ ਗੁਰ ਮੰਤ ॥ ਤੇਰਾ ਆਸਰਾ ਲੈ, ਮੈਂ ਗੁਰਾਂ ਦੀ ਬਾਣੀ ਉਚਾਰਨ ਕਰਦਾ ਹਾਂ। ਤੇਰੀ ਟੇਕ ਤਰੀਐ ਭਉ ਸਾਗਰੁ ॥ ਤੇਰੇ ਆਸਰੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥ ਖੁਸ਼ੀ ਦਾ ਸਮੁੰਦਰ, ਪੂਰਨ ਵਾਹਿਗੁਰੂ, ਮੇਰਾ ਰਖਵਾਲਾ ਹੈ। ਤੇਰੀ ਟੇਕ ਨਾਹੀ ਭਉ ਕੋਇ ॥ ਤੇਰੀ ਪਨਾਹ ਲੈਣ ਦੁਆਰਾ, ਮੈਂ ਸਾਰਿਆਂ ਡਰਾਂ ਤੋਂ ਖਲਾਸੀ ਪਾ ਗਿਆ ਹਾਂ। ਅੰਤਰਜਾਮੀ ਸਾਚਾ ਸੋਇ ॥ ਉਹ ਸੱਚਾ ਸੁਆਮੀ, ਦਿਲਾਂ ਦੀਆਂ ਜਾਣਨਹਾਰ ਹੈ। ਤੇਰੀ ਟੇਕ ਤੇਰਾ ਮਨਿ ਤਾਣੁ ॥ ਮੇਰੇ ਚਿੱਤ ਅੰਦਰ ਤੇਰਾ ਆਸਰਾ ਅਤੇ ਸਤਿਆ ਹੈ। ਈਹਾਂ ਊਹਾਂ ਤੂ ਦੀਬਾਣੁ ॥੩॥ ਇਥੇ ਅਤੇ ਓਥੇ ਤੂੰ ਹੀ ਅਪੀਲ ਦੀ ਕਚਹਿਰੀ ਹੈ। ਤੇਰੀ ਟੇਕ ਤੇਰਾ ਭਰਵਾਸਾ ॥ ਤੂੰ ਹੇ ਸਾਈਂ! ਮੇਰਾ ਆਸਰਾ ਹੈ ਅਤੇ ਤੂੰ ਹੀ ਮੇਰਾ ਈਮਾਨ। ਸਗਲ ਧਿਆਵਹਿ ਪ੍ਰਭ ਗੁਣਤਾਸਾ ॥ ਸਾਰੇ ਹੀ ਨੇਕੀਆਂ ਦੇ ਖਜਾਨੇ ਸੁਆਮੀ ਦਾ ਸਿਮਰਨ ਕਰਦੇ ਹਨ। ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ ਤੇਰਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਤੇਰੇ ਗੋਲੇ, ਹੇ ਸਾਹਿਬ! ਮੌਜਾਂ ਮਾਣਦੇ ਹਨ। ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥ ਨਾਨਕ ਵਡਿਆਈਆਂ ਦੇ ਖਜਾਲੇ, ਸੱਚੇ ਸਾਹਿਬ, ਦਾ ਭਜਨ ਕਰਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਪ੍ਰਥਮੇ ਛੋਡੀ ਪਰਾਈ ਨਿੰਦਾ ॥ ਅੱਵਲ, ਮੈਂ ਹੋਰਨਾਂ ਦੀ ਬਦਖੋਈ ਕਰਨੀ ਛੱਡ ਦਿੱਤੀ ਹੈ, ਉਤਰਿ ਗਈ ਸਭ ਮਨ ਕੀ ਚਿੰਦਾ ॥ ਅਤੇ ਮੇਰੇ ਚਿੱਤ ਦੀ ਸਾਰੀ ਚਿੰਤਾ ਦੂਰ ਹੋ ਗਈ ਹੈ। ਲੋਭੁ ਮੋਹੁ ਸਭੁ ਕੀਨੋ ਦੂਰਿ ॥ ਲਾਲਚ ਅਤੇ ਲਗਨ, ਮੈਂ ਸਮੂਹ ਨੂੰ ਦੂਰ ਕਰ ਦਿੱਤਾ ਹੈ। ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥ ਸੁਆਮੀ ਨੂੰ ਨੇੜੇ ਵੇਖ ਕੇ, ਮੈਂ ਵਿਸ਼ਾਲ ਸਾਧੂ ਹੋ ਗਿਆ ਹਾਂ। ਐਸੋ ਤਿਆਗੀ ਵਿਰਲਾ ਕੋਇ ॥ ਕੋਈ ਇੱਕ ਅੱਧਾ ਹੀ ਐਹੋ ਜਿਹਾ ਉਪਰਾਮ ਪੁਰਸ਼ ਹੈ। ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥ ਉਹ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰਦਾ ਹੈ। ਠਹਿਰਾਉ। ਅਹੰਬੁਧਿ ਕਾ ਛੋਡਿਆ ਸੰਗੁ ॥ ਮੈਂ ਹੰਕਾਰੀ ਮਤ ਦੀ ਸੰਗਤ ਤਿਆਗ ਦਿੱਤੀ ਹੈ। ਕਾਮ ਕ੍ਰੋਧ ਕਾ ਉਤਰਿਆ ਰੰਗੁ ॥ ਮੈਂ ਵਿਸ਼ੇ ਭੋਗ ਅਤੇ ਗੁੱਸੇ ਦੇ ਪਿਆਰ ਤੋਂ ਖਲਾਸੀ ਪਾ ਗਿਆ ਹਾਂ। ਨਾਮ ਧਿਆਏ ਹਰਿ ਹਰਿ ਹਰੇ ॥ ਮੈਂ ਆਪਣੇ ਵਾਹਿਗੁਰੂ, ਸੁਆਮੀ ਮਾਲਕ ਦੇ ਨਾਮ ਨੂੰ ਸਿਮਰਦਾ ਹਾਂ, ਸਾਧ ਜਨਾ ਕੈ ਸੰਗਿ ਨਿਸਤਰੇ ॥੨॥ ਅਤੇ ਪਵਿੱਤਰ ਪੁਰਸ਼ਾਂ ਦੀ ਸੰਗਤ ਦੁਆਰਾ ਮੁਕਤ ਹੋ ਗਿਆ ਹਾਂ। ਬੈਰੀ ਮੀਤ ਹੋਏ ਸੰਮਾਨ ॥ ਦੁਸ਼ਮਨ ਅਤੇ ਦੋਸਤ ਹੁਣ ਮੇਰੇ ਲਈ ਇੱਕ ਸਮਾਨ ਹਨ। ਸਰਬ ਮਹਿ ਪੂਰਨ ਭਗਵਾਨ ॥ ਭਾਗਾਂ ਵਾਲਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ। ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥ ਸੁਆਮੀ ਦੀ ਰਜਾ ਅੱਗੇ ਸਿਰ ਨਿਵਾ ਕੇ ਮੈਂ ਆਰਾਮ ਪਾ ਲਿਆ ਹੈ, ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥ ਅਤੇ ਪੂਰਨ ਗੁਰਾਂ ਨੇ ਮੇਰੇ ਅੰਦਰ ਸਾਈਂ ਦਾ ਨਾਮ ਸਥਾਪਨ ਕਰ ਦਿੱਤਾ ਹੈ। ਕਰਿ ਕਿਰਪਾ ਜਿਸੁ ਰਾਖੈ ਆਪਿ ॥ ਆਪਣੀ ਮਿਹਰ ਦੁਆਰਾ ਜਿਸ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਸੋਈ ਭਗਤੁ ਜਪੈ ਨਾਮ ਜਾਪ ॥ ਉਹ ਸ਼ਰਧਾਲੂ ਹੀ ਸਾਈਂ ਦੇ ਨਾਮ ਨੂੰ ਆਰਾਧਦਾ ਤੇ ਸਿਮਰਦਾ ਹੈ। ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ ਗੁਰਾਂ ਦੇ ਰਾਹੀਂ ਸਮਝ ਪ੍ਰਾਪਤ ਕਰਕੇ, ਜਿਸ ਦਾ ਹਿਰਦਾ ਰੌਸ਼ਨ ਹੋ ਗਿਆ ਹੈ, ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥ ਗੁਰੂ ਜੀ ਆਖਦੇ ਹਨ, ਉਹ ਪੂਰੀ ਤਰ੍ਹਾਂ ਸੰਪੂਰਨ ਹੋ ਜਾਂਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਬਹੁਤੀ ਦੌਲਤ ਕਮਾਉਣ ਵਿੱਚ ਕੋਈ ਆਰਾਮ ਨਹੀਂ। ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਨਾਚ ਅਤੇ ਰੂਪਕ ਵੇਖਣ ਵਿੱਚ ਕੋਈ ਆਰਾਮ ਨਹੀਂ। ਸੁਖੁ ਨਾਹੀ ਬਹੁ ਦੇਸ ਕਮਾਏ ॥ ਬਹੁਤੇ ਮੁਲਕਾਂ ਨੂੰ ਫਤਿਹ ਕਰ ਲੈਣ ਵਿੱਚ ਕੋਈ ਖੁਸ਼ੀ ਨਹੀਂ। ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ ਸਾਰੀਆਂ ਖੁਸ਼ੀਆਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਪ੍ਰਾਪਤ ਹੁੰਦੀਆਂ ਹਨ। ਸੂਖ ਸਹਜ ਆਨੰਦ ਲਹਹੁ ॥ ਹੇ ਬੰਦੇ! ਤੂੰ ਆਰਾਮ, ਅਡੋਲਤਾ ਤੇ ਖੁਸ਼ੀ ਨੂੰ ਹਾਸਲ ਕਰ, ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥ ਅਤੇ ਭਾਰੀ ਪ੍ਰਾਲਭਧ ਰਾਹੀਂ ਸਤਿਸੰਗਤ ਨੂੰ ਪਰਾਪਤ ਹੋ, ਤੂੰ ਗੁਰਾਂ ਦੀ ਦਇਆ ਦੁਆਰਾ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਓ। ਬੰਧਨ ਮਾਤ ਪਿਤਾ ਸੁਤ ਬਨਿਤਾ ॥ ਮਾਂ, ਪਿਓ, ਪੁੱਤਰ ਅਤੇ ਪਤਨੀ ਕੇਵਲ ਜੰਜੀਰਾਂ ਹੀ ਹਨ। ਬੰਧਨ ਕਰਮ ਧਰਮ ਹਉ ਕਰਤਾ ॥ ਜਿਹੜੇ ਧਾਰਮਕ ਸੰਸਕਾਰ, ਬੰਦਾ ਹੰਕਾਰ ਅੰਦਰ ਕਰਦਾ ਹੈ ਨਿਰੀਆਂ ਪੁਰੀਆਂ ਬੇੋੜੀਆਂ ਹੀ ਹਨ। ਬੰਧਨ ਕਾਟਨਹਾਰੁ ਮਨਿ ਵਸੈ ॥ ਜੇਕਰ ਬੇੜੀਆਂ ਕੱਟਣ ਵਾਲਾ ਚਿੱਤ ਵਿੱਚ ਟਿਕ ਜਾਵੇ। ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥ ਤਦ ਜੀਵ ਖੁਸ਼ੀ ਹਾਸਲ ਕਰ ਲੈਂਦਾ ਹੈ ਅਤੇ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ। ਸਭਿ ਜਾਚਿਕ ਪ੍ਰਭ ਦੇਵਨਹਾਰ ॥ ਹਰ ਜਣਾ ਮੰਗਤਾ ਹੈ। ਕੇਵਲ ਸੁਆਮੀ ਹੀ ਦੇਣ ਵਾਲਾ ਹੈ। ਗੁਣ ਨਿਧਾਨ ਬੇਅੰਤ ਅਪਾਰ ॥ ਅਨੰਤ ਅਤੇ ਹੱਦ ਬੰਨਾ ਰਹਿਤ ਸੁਆਮੀ ਨੇਕੀਆਂ ਦਾ ਖਜਾਨਾ ਹੈ। ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ ਕੇਵਲ ਉਹ ਪੁਰਸ਼ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ। ਗੁਰ ਅਪਨੇ ਆਗੈ ਅਰਦਾਸਿ ॥ ਨੇਕੀਆਂ ਦੇ ਖਜਾਨੇ ਆਪਣੇ ਗੁਰੂ ਪਰਮੇਸ਼ਵਰ ਅੱਗੇ ਮੈਂ ਬੇਨਤੀ ਕਰਦਾ ਹਾਂ, ਕਰਿ ਕਿਰਪਾ ਪੁਰਖ ਗੁਣਤਾਸਿ ॥ ਕਿ ਉਹ ਮੇਰੇ ਉਤੇ ਦਇਆਵਾਨ ਹੋਣ। ਕਹੁ ਨਾਨਕ ਤੁਮਰੀ ਸਰਣਾਈ ॥ ਗੁਰੂ ਜੀ ਆਖਦੇ ਹਨ ਮੈਂ ਤੇਰੀ ਪਨਾਹ ਲਈ ਹੈ, ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥ ਹੇ ਸੰਸਾਰ ਦੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਭੈਰਉ ਮਹਲਾ ੫ ॥ ਭੈਰਓ ਪੰਜਵੀਂ ਪਾਤਿਸ਼ਾਹੀ। ਗੁਰ ਮਿਲਿ ਤਿਆਗਿਓ ਦੂਜਾ ਭਾਉ ॥ ਗੁਰਾਂ ਨਾਲ ਮਿਲ ਕੇ ਮੈਂ ਹੋਰਸ ਦਾ ਪਿਆਰ ਛੱਡ ਦਿੱਤਾ ਹੈ। copyright GurbaniShare.com all right reserved. Email |